ਖਮਾਣੋ ਦੇ ਪਿੰਡ ਨੌਗਾਵਾਂ ਨਜ਼ਦੀਕ ਇਕ ਭਿਆਨਕ ਸੜਕ ਹਾਦਸਾ ਗਿਆ। ਇਸ ਸੜਕ ਹਾਦਸੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਮੌਤ ਹੋ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਖਮਾਣੋ ਥਾਣੇ ‘ਚ ਤਾਇਨਾਤ ਸਿਪਾਹੀ ਜਸਪ੍ਰੀਤ ਸਿੰਘ ਜੋ ਕਿ ਮੂਲ ਰੂਪ ਚ ਬਠਿੰਡੇ ਦਾ ਰਹਿਣ ਵਾਲਾ ਸੀ, ਖਮਾਣੋ ਨੇੜਲੇ ਇੱਕ ਢਾਬੇ ਦੇ ਮਾਲਕਾਂ ਨਾਲ ਬਤੌਰ ਗਨਮੈਨ ਡਿਊਟੀ ਕਰਦਾ ਸੀ। ਜਸਪ੍ਰੀਤ ਸਿੰਘ ਨੇ ਇੱਕ ਦਿਨ ਪਹਿਲਾਂ ਆਪਣਾ ਜਨਮਦਿਨ ਮਨਾਇਆ ਸੀ ਤੇ ਅਗਲੇ ਹੀ ਦਿਨ ਉਸ ਦੀ ਸੜਕ ਦੁਰਘਟਨਾ ‘ਚ ਮੌਤ ਹੋ ਗਈ। ਇਸ ਮੰਦਭਾਗੀ ਖ਼ਬਰ ਕਾਰਨ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਜਸਪ੍ਰੀਤ ਸਿੰਘ ਆਪਣੇ ਮੋਟਰਸਾਈਕਲ ‘ਤੇ ਫਤਿਹਗੜ੍ਹ ਸਾਹਿਬ ਜਾ ਰਿਹਾ ਸੀ। ਇਸ ਦੌਰਾਨ ਜਿਵੇਂ ਹੀ ਉਹ ਜਦੋਂ ਪਿੰਡ ਨੌਗਾਵਾਂ ਕੋਲ ਪਹੁੰਚਿਆ ਤਾਂ ਸੜਕ ‘ਤੇ ਇੱਕ ਟਰੱਕ ਖੜ੍ਹਾ ਸੀ ਜਿਸ ਦੇ ਪਿੱਛੇ ਜਸਪ੍ਰੀਤ ਸਿੰਘ ਦਾ ਮੋਟਰਸਾਈਕਲ ਟਕਰਾ ਗਿਆ।
ਇਸ ਟੱਕਰ ਦੌਰਾਨ ਜਸਪ੍ਰੀਤ ਸਿੰਘ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਫਤਿਹਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਹਾਇਕ ਥਾਣੇਦਾਰ ਪਵਨ ਕੁਮਾਰ ਨੇ ਦੱਸਿਆ ਕਿ ਟਰੱਕ ਦੇ ਅਣਪਛਾਤੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।