ਜਲੰਧਰ-ਖਾਲਸਾ ਪੰਥ ਦੇ ਜਨਮ ਦਿਹਾੜੇ ਵਿਸਾਖੀ ਪੁਰਬ ਨੂੰ ਸਮਰਪਿਤ ਇਕ ਅਲੌਕਿਕ ਨਗਰ ਕੀਰਤਨ ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਜਲੰਧਰ ਤੋਂ ਸਜਾਇਆ ਜਾਵੇਗਾ। ਇਸ ਸਬੰਧੀ ਗੁਰਦੁਆਰਾ ਸਾਹਿਬ ਵਿਖੇ ਸਥਿਤ ਭਾਈ ਗੁਰਦਾਸ ਹਾਲ ਵਿਖੇ ਸਮੂਹ ਪ੍ਰਬੰਧਕਾਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਪ੍ਰਧਾਨ ਸ੍ਰ ਗੁਰਕ੍ਰਿਪਾਲ ਸਿੰਘ ਅਤੇ ਸਰਹੱਦੀ ਜੀ ਤੋਂ ਇਲਾਵਾ ਚੇਅਰਮੈਨ ਕੋਰ ਕਮੇਟੀ ਹਰਜੀਤ ਸਿੰਘ ਐਡਵੋਕੇਟ, ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਰਹੇਜਾ, ਗੁਰਮੀਤ ਸਿੰਘ ਇੰਦਰਪਾਲ ਸਿੰਘ ਸਕੱਤਰ, ਜਗਜੀਤ ਸਿੰਘ ਖਜਾਨਚੀ, ਪਰਮਜੀਤ ਸਿੰਘ ਨੈਨਾ, ਬਲਵਿੰਦਰ ਸਿੰਘ ਹੇਅਰ, ਇੰਦਰਪਾਲ ਸਿੰਘ ਅਰੋੜਾ, ਚਰਨਜੀਤ ਸਿੰਘ ਲੁਬਾਣਾ, ਗੁਰਜੀਤ ਸਿੰਘ ਪੋਪਲੀ, ਗੁਰਦੀਪ ਸਿੰਘ ਬਵੇਜਾ, ਅਕਾਲੀ ਰਛਪਾਲ ਸਿੰਘ, ਹਰਬੰਸ ਸਿੰਘ, ਬਿਸ਼ਨ ਸਿੰਘ ਆਦਿ ਪਤਵੰਤੇ ਹਾਜਰ ਸਨ। ਪ੍ਰਧਾਨ ਸ੍ਰ ਗੁਰਕਿਰਪਾਲ ਸਿੰਘ ਅਤੇ ਬੇਅੰਤ ਸਿੰਘ ਸਰਹੱਦੀ ਨੇ ਦੱਸਿਆ ਕਿ ਇਹ ਨਗਰ ਕੀਰਤਨ ਬਹੁਤ ਹੀ ਨਿਰਾਲੀ ਛੱਬ ਵਾਲਾ ਹੋਵੇਗਾ ਜੋ ਕਿ ਇਤਿਹਾਸਕ ਅਸਥਾਨ ਤੋਂ ਸ਼ੁਰੂ ਹੋ ਕੇ ਮੀਰੀ ਪੀਰੀ ਪਾਰਕ, 120 ਫੁੱਟੀ ਰੋਡ, ਹਰਬੰਸ ਨਗਰ, ਜੇ.ਪੀ. ਨਗਰ, ਆਦਰਸ਼ ਨਗਰ, ਅਸ਼ੋਕ ਨਗਰ, ਅਵਤਾਰ ਨਗਰ, ਨਕੋਦਰ ਰੋਡ ਤੋਂ ਹੁੰਦਾ ਹੋਇਆ ਜੋਤੀ ਚੌਕ, ਸਕਾਈਲਾਰਕ ਚੌਕ, ਗੁਰੂ ਨਾਨਕ ਮਿਸ਼ਨ ਗੁਰਦੁਆਰਾ ਸਾਹਿਬ ਮਾਡਲ ਟਾਊਨ ਤੋਂ ਗੁਰੂ ਤੇਗ ਬਹਾਦਰ ਨਗਰ ਗੁਰਦੁਆਰਾ ਨੌਵੀਂ ਪਾਤਸ਼ਾਹੀ ਵਿਖੇ ਰਾਤ 8 ਵਜੇ ਸਮਾਪਤ ਹੋਵੇਗਾ। ਜਿਥੇ ਸੰਗਤਾਂ ਨੂੰ ਗੁਰੂ ਕਾ ਅਤੁੱਟ ਲੰਗਰ ਛਕਾਇਆ ਜਾਵੇਗਾ। ਨਗਰ ਕੀਰਤਨ ਨੂੰ ਪੂਰੇ ਜਾਹੋ-ਜਲਾਲ ਨਾਲ ਸਜਾਉਣ ਤੋਂ ਇਲਾਵਾ ਸਮੁੱਚੇ ਰਸਤੇ ਨੂੰ ਖਾਲਸਾਈ ਦਿੱਖ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਜਿਸ ਦੀਆਂ ਜਲਦੀ ਹੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਜਾਣਗੀਆਂ। ਮੀਟਿੰਗ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਗਈ ਕਿ ਉਹ ਆਪਣੀਆਂ ਆਪਣੀਆਂ ਦੁਕਾਨਾਂ, ਵਪਾਰਕ ਅਦਾਰਿਆਂ ਅਤੇ ਆਪਣੇ ਘਰੇਲੂ ਅਸਥਾਨਾਂ ਦੇ ਅੱਗੇ ਸੰਗਤਾਂ ਦੀ ਸੇਵਾ ਵਾਸਤੇ ਸਮਰੱਥਾ ਅਨੁਸਾਰ ਜੱਲ-ਪਾਨ, ਚਾਹ ਮਿਸ਼ਠਾਨ ਅਤੇ ਫਰੂਟ ਆਦਿਕ ਦੇ ਲੰਗਰ ਦਾ ਪ੍ਰਬੰਧ ਕੀਤਾ ਜਾਵੇ ਅਤੇ ਜੱਲ ਦਾ ਛਿੜਕਾਅ ਕਰਕੇ ਸਾਫ ਸਫਾਈ ਦਾ ਵੀ ਪ੍ਰਬੰਧ ਕੀਤਾ ਜਾਵੇ।

ਪ੍ਰਧਾਨ ਸ੍ਰ ਗੁਰਕ੍ਰਿਪਾਲ ਸਿੰਘ ਨੇ ਹੋਰ ਦੱਸਿਆ ਕਿ 12 ਅਪ੍ਰੈਲ ਮਹੀਨਾਵਾਰੀ ਪੁੰਨਿਆਂ ਦੇ ਵਿਸ਼ੇਸ਼ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਸਵੇਰ ਦੇ ਦੀਵਾਨ ਵਿਚ 6 ਤੋਂ 7.30 ਵਜੇ ਤੱਕ ਪੰਥ ਪ੍ਰਸਿੱਧ ਰਾਗੀ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਦੇ ਜੱਥੇ ਵਲੋਂ ਕੀਰਤਨ ਦੁਆਰਾ ਹਾਜ਼ਰੀ ਲਗਵਾਈ ਜਾਵੇਗੀ। ਉਪਰੰਤ ਦੁਪਿਹਰ 1.30 ਵਜੇ ਤੱਕ ਦੀਵਾਨ ਸਜਾਇਆ ਜਾਵੇਗਾ। ਸਮਾਪਤੀ ਉਪਰੰਤ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਜਾਵੇਗਾ। ਇਸੇ ਤਰ੍ਹਾਂ ਐਤਵਾਰ ਵਿਸਾਖੀ ਵਾਲੇ ਦਿਨ ਸਵੇਰੇ ਅੰਮ੍ਰਿਤ ਵੇਲੇ ਤੋਂ ਕਥਾ ਅਤੇ ਕੀਰਤਨ ਦੇ ਪ੍ਰਵਾਰ ਚੱਲਣਗੇ। ਸਹਿਜ ਪਾਠਾਂ ਦੇ ਭੋਗ ਪਾਏ ਜਾਣਗੇ। ਵਿਸ਼ੇਸ਼ ਤੌਰ ਤੇ ਪ੍ਰਸਿੱਧ ਵਿਦਵਾਨ ਭਾਈ ਸਰਬਜੀਤ ਸਿੰਘ ਧੂੰਦਾ ਕਥਾ ਵੀਚਾਰਾਂ ਦੁਆਰਾ ਸੰਗਤਾਂ ਨੂੰ ਗੁਰ-ਇਤਿਹਾਸ ਦੀ ਜਾਣਕਾਰੀ ਦੇਣਗੇ। ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਪ੍ਰਵਾਰਾਂ ਸਹਿਤ/ਸ਼ਬਦੀ ਜੱਥੇ ਦੇ ਰੂਪ ਵਿੱਚ ਸ਼ਮੂਲੀਅਤ ਕਰਕੇ ਨਗਰ ਕੀਰਤਨ ਦੀ ਰੌਣਕ ਨੂੰ ਵਧਾਉਂਦੇ ਹੋਏ ਖਾਲਸਾ ਪੰਥ ਦੇ ਜਨਮ ਦਿਹਾੜੇ ਵਿਸਾਖੀ ਪੁਰਬ ਨੂੰ ਮਨਾ ਕੇ ਕਲਗੀਧਰ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੀਏ।