ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ 1984 ਦੇ ਸਿੱਖ ਕਤਲੇਆਮ ਵੇਲੇ ਸੁਲਤਾਨਪੁਰੀ ਵਿਚ ਤਿੰਨ ਸਿੱਖਾਂ ਦੇ ਕੇਸ ਵਿਚ ਬਰੀ ਕੀਤੇ ਜਾਣ ਨੂੰ ਬਹੁਤ ਹੀ ਅਫਸੋਸਨਾਕ ਕਰਾਰ ਦਿੰਦਿਆਂ ਐਲਾਨ ਕੀਤਾ ਹੈ ਕਿ ਉਹ ਉਚੇਰੀ ਅਦਾਲਤ ਵਿਚ ਇਸਨੂੰ ਚੁਣੌਤੀ ਦੇਣਗੇ।

    ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਬੂਤਾਂ ਤੇ ਗਵਾਹਾਂ ਦੇ ਹੋਣ ਦੇ ਬਾਵਜੂਦ ਅਦਾਲਤ ਨੇ ਸੁਲਤਾਨਪੁਰੀ ਕੇਸ ਵਿਚ ਸੱਜਣ ਕੁਮਾਰ ਨੂੰ ਬਰੀ ਕਰਨ ਦਾ ਫੈਸਲਾ ਕੀਤਾ ਹੈ ਤੇ ਇਹ ਫੈਸਲਾ ਸਿੱਖ ਕੌਮ ਵਾਸਤੇ ਵੱਡਾ ਝਟਕਾ ਹੈ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਉਚੇਰੀ ਅਦਾਲਤ ਵਿਚ ਇਸਨੂੰ ਚੁਣੌਤੀ ਦੇਵੇਗੀ।

    ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਪਹਿਲਾਂ ਹੀ 1984 ਦੇ ਸਿੱਖ ਕਤਲੇਆਮ ਕੇਸਾਂ ਦੀ ਪੈਰਵੀ ਕਰ ਰਹੀ ਹੈ ਅਤੇ ਇਸਨੇ ਸੱਜਣ ਕੁਮਾਰ ਤੇ ਕਈ ਹੋਰ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਭੇਜਣਾ ਯਕੀਨੀ ਬਣਾਇਆ ਹੈ ਤੇ ਹੁਣ ਇਹ ਸੱਜਣ ਕੁਮਾਰ ਨੂੰ ਹੋਰ ਕੇਸਾਂ ਵਿਚ ਸਜ਼ਾ ਮਿਲਣੀ ਤੇ ਉਸਦੇ ਨਾਲ ਹੀ ਜਗਦੀਸ਼ ਟਾਈਟਲਰ, ਕਮਲਨਾਥ ਤੇ ਹੋਰ ਦੋਸ਼ੀਆਂ ਨੂੰ ਸਜ਼ਾ ਮਿਲਣੀ ਯਕੀਨੀ ਬਣਾਵੇਗੀ।