ਵਪਾਰਕ ਅਤੇ ਹੋਰ ਗਤੀਵਿਧਿੀਆਂ ਕਾਰਨ ਸੰਗਤਾਂ ਨੂੰ ਗੰਭੀਰ ਟ੍ਰੈਫਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ : ਜਸਵਿੰਦਰ ਸਿੰਘ ਜੌਲੀ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਘੱਟ ਗਿਣਤੀ ਸੈੱਲ ਦੇ ਪ੍ਰਧਾਨ ਜਸਵਿੰਦਰ ਸਿੰਘ ਜੌਲੀ ਨੇ ਦਿੱਲੀ ਪੁਲੀਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਗੁਰਦੁਆਰਾ ਦਮਦਮਾ ਸਾਹਿਬ ਦੇ ਦਰਸ਼ਨਾਂ ਲਈ ਸਿੱਖ ਸੰਗਤ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਲਈ ਜਲਦ ਤੋਂ ਜਲਦ ਮਸਲੇ ਦਾ ਹੱਲ ਕੱਢਿਆ ਜਾਵੇ।
ਪੁਲਿਸ ਕਮਿਸ਼ਨਰ ਨੂੰ ਲਿਖੇ ਪੱਤਰ ਵਿੱਚ ਸਰਦਾਰ ਜੌਲੀ ਨੇ ਕਿਹਾ ਕਿ ਗੁਰਦੁਆਰਾ ਦਮਦਮਾ ਸਾਹਿਬ ਸਿੱਖ ਕੌਮ ਲਈ ਪਵਿੱਤਰ ਅਤੇ ਇਤਿਹਾਸਕ ਅਸਥਾਨ ਹੈ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਆ ਕੇ ਨਤਮਸਤਕ ਹੁੰਦੀਆਂ ਹਨ ਪਰ ਪਿਛਲੇ ਕੁਝ ਸਮੇਂ ਤੋਂ ਵਪਾਰਕ ਅਤੇ ਹੋਰ ਗਤੀਵਿਧੀਆਂ ਕਾਰਨ ਸੰਗਤਾਂ ਨੂੰ ਟ੍ਰੈਫਿਕ ਦੀ ਗੰਭੀਰ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ। ਗੁਰਦੁਆਰਾ ਦਮਦਮਾ ਸਾਹਿਬ ਨੂੰ ਜਾਣ ਵਾਲਾ ਆਮ ਰਸਤਾ ਸੁੰਦਰ ਨਰਸਰੀ ਤੋਂ ਗੁਜ਼ਰਦਾ ਹੈ, ਜਿੱਥੇ ਭੀੜਭਾੜ ਵਧ ਗਈ ਹੈ। ਇਲਾਕੇ ’ਚ ਲੋਕਾਂ ਦੀ ਵਧਦੀ ਆਵਾਜਾਈ ਕਾਰਨ ਅਤੇ ਨਿਜ਼ਾਮੂਦੀਨ ਚੌਕ ਤੋਂ ਸੁੰਦਰ ਨਰਸਰੀ ਤੱਕ ਭਾਰੀ ਟ੍ਰੈਫਿਕ ਜਾਮ ਹੋਣ ਕਾਰਨ ਸੰਗਤਾਂ ਨੂੰ ਸਮੇਂ ਸਿਰ ਗੁਰਦੁਆਰਾ ਸਾਹਿਬ ਪੁੱਜਣ ’ਚ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਦਿੱਲੀ ਪੁਲਿਸ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਉਹ ਗੁਰਦੁਆਰਾ ਦਮਦਮਾ ਸਾਹਿਬ ਨੂੰ ਜਾਂਦੇ ਮਾਰਗ ਵਿੱਖੇ ਆ ਰਹੀ ਟ੍ਰੈਫ਼ਿਕ ਦੀ ਸਮੱਸਿਆ ਸਬੰਧੀ ਸਮਰਪਿਤ ਮੈਨੇਜਮੈਂਟ ਟੀਮ ਦਾ ਗਠਨ ਕਰਨ ਤਾਂ ਜੋ ਟ੍ਰੈਫਿਕ ਨਾਲ ਜੁੜੀ ਚੁਣੌਤੀਆਂ ਨੂੰ ਘੱਟ ਕੀਤਾ ਜਾ ਸਕੇ ਅਤੇ ਗੁਰਦੁਆਰਾ ਦਮਦਮਾ ਸਾਹਿਬ ਦੇ ਦਰਸ਼ਨਾਂ ਲਈ ਸੰਗਤ ਵਾਸਤੇ ਸੁਚਾਰੂ ਪ੍ਰਬੰਧ ਹੋ ਸਕੇ।