ਨਵੀਂ ਦਿੱਲੀ: ਦਿੱਲੀ ਦੇ ਉਪ ਰਾਜਪਾਲ ਵੀ ਕੇ ਸਕਸੈਨਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਤੇ ਭਾਜਪਾ ਦੇ ਕੌਮੀ ਸਕੱਤਰ ਸਰਦਾਰ ਮਨਜਿੰਦਰ ਸਿੰਘ ਸਿਰਸਾ ਦੇ ਨਾਲ ਚਾਂਦਨੀ ਚੌਂਕ ਇਲਾਕੇ ਵਿਚ ਗੁਰਦੁਆਰਾ ਸੀਸ ਗੰਜ ਸਾਹਿਬ ਇਲਾਕੇ ਦਾ ਦੌਰਾ ਕੀਤਾ ਤੇ ਇਥੇ 20-20 ਹਜ਼ਾਰ ਰੁਪਏ ਦੇ ਚਲਾਨ ਕੀਤੇ ਜਾਣ ਦੇ ਮਾਮਲੇਦਾ  ਜਾਇਜ਼ਾ ਲਿਆ।

    ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਦਾਰ ਕਾਲਕਾ, ਸਰਦਾਰ ਕਾਹਲੋਂ ਤੇ ਸਰਦਾਰ ਸਿਰਸਾ ਨੇ ਦੱਸਿਆ ਕਿ ਉਹਨਾਂ ਨੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਨਤਮਸਤਕ ਹੋਣ ਆਉਂਦੀ ਸੰਗਤ ਦਾ ਮਸਲਾ ਉਪ ਰਾਜਪਾਲ ਸ੍ਰੀ ਵੀ ਕੇ ਸਕਸੈਨਾ ਕੋਲ ਚੁੱਕਿਆ ਸੀ। ਇਸ ਮਗਰੋਂ ਹੀ ਉਹਨਾਂ ਮੌਕੇ ਦਾ ਦੌਰਾ ਕੀਤਾ ਹੈ। ਉਹਨਾਂ ਕਿਹਾ ਕਿ ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਅਸਥਾਨ ’ਤੇ ਨਤਮਸਤਕ ਹੋਣ ਆਉਂਦੀ ਸੰਗਤ ਦੇ ਚਲਾਨ ਨਹੀਂ ਹੋਣਗੇ ਤੇ ਇਸ ਮਾਮਲੇ ਵਿਚ ਲੋੜੀਂਦੇ ਕਦਮ ਚੁੱਕਣ ਦਾ ਵੀ ਐਲ ਜੀ ਸਾਹਿਬ ਨੇ ਭਰੋਸਾ ਦੁਆਇਆ ਹੈ।

    ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਜਿਹਨਾਂ ਦੇ ਚਲਾਨ ਹੋਏ ਹਨ, ਉਹ ਦਿੱਲੀ ਗੁਰਦੁਆਰਾ ਕਮੇਟੀ ਨਾਲ ਸੰਪਰਕ ਕਰ ਕੇ ਆਪਣੇ ਚਲਾਨ ਦੀ ਕਾਪੀ ਕਮੇਟੀ ਕੋਲ ਜਮ੍ਹਾਂ ਕਰਵਾਉਣ ਤਾਂ ਜੋ ਉਹਨਾਂ ਦੇ ਚਲਾਨ ਵੀ ਰੱਦ ਕਰਵਾਏ ਜਾ ਸਕਣ।

    ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਹਰ ਵੇਲੇ ਸੰਗਤਾਂ ਦੀ ਸੇਵਾ ਵਿਚ ਹਾਜ਼ਰ ਹੈ ਤੇ ਇਸ ਲਈ ਜਿਥੇ ਕਿਤੇ ਵੀ ਲੋੜ ਹੋਵੇ, ਕਮੇਟੀ ਦੇ ਅਹੁਦੇਦਾਰ, ਮੈਂਬਰ ਤੇ ਟੀਮਾਂ ਹਮੇਸ਼ਾ ਸੰਗਤਾਂ ਦੀ ਸੇਵਾ ਵਿਚ ਹਾਜ਼ਰ ਹਨ।