ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਐਨਸੀਆਰ ਸ਼ਹਿਰਾਂ ਵਿੱਚ ਬੀਤੀ ਰਾਤ ਤੋਂ ਹੋ ਰਹੀ ਤੇਜ਼ ਬਾਰਿਸ਼ ਕਾਰਨ ਰਾਸ਼ਟਰੀ ਰਾਜਧਾਨੀ ਵਿੱਚ ਹਰ ਤਰ੍ਹਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਸਵੇਰ ਤੋਂ ਪਾਣੀ ਭਰਨ ਅਤੇ ਟ੍ਰੈਫਿਕ ਜਾਮ ਦੇ ਵਿਚਕਾਰ, ਹੁਣ ਇਹ ਖਬਰ ਮਿਲੀ ਹੈ ਕਿ ਬਾਰਿਸ਼ ਕਾਰਨ ਦਿੱਲੀ ਮੈਟਰੋ ਨੇ ਆਈਜੀਆਈ ਏਅਰਪੋਰਟ ਟਰਮੀਨਲ 1 (ਦਿੱਲੀ ਐਰੋਸਿਟੀ) ‘ਤੇ ਆਪਣੀ ਸ਼ਟਲ ਸੇਵਾ ਨੂੰ ਮੁਅੱਤਲ ਕਰ ਦਿੱਤਾ ਹੈ।ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਯਸ਼ੋਭੂਮੀ ਦਵਾਰਕਾ ਸੈਕਟਰ 25 ਮੈਟਰੋ ਸਟੇਸ਼ਨ ‘ਤੇ ਵੀ ਐਂਟਰੀ ਅਤੇ ਐਗਜ਼ਿਟ ਬੰਦ ਕਰ ਦਿੱਤਾ ਹੈ। ਦਿੱਲੀ ਮੈਟਰੋ ਦੇ ਕਈ ਸਟੇਸ਼ਨਾਂ ‘ਤੇ ਪਾਣੀ ਭਰ ਗਿਆ ਹੈ। ਲੋਕਾਂ ਨੂੰ ਮੈਟਰੋ ਸਟੇਸ਼ਨ ਦੇ ਅੰਦਰ ਜਾਣ ਅਤੇ ਬਾਹਰ ਆਉਣ ‘ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੀਂਹ ਕਾਰਨ ਦਿੱਲੀ ਹੋਈ ਜਲਥਲ
ਦੱਸ ਦਈਏ ਕਿ ਦਿੱਲੀ ਐਨਸੀਆਰ ਵਿੱਚ ਬੀਤੀ ਰਾਤ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਬਾਰਿਸ਼ ਕਾਰਨ ਦਿੱਲੀ ਜਲ-ਥਲ ਹੋ ਗਈ ਹੈ। ਕਈ ਘੰਟਿਆਂ ਤੱਕ ਪਏ ਭਾਰੀ ਮੀਂਹ ਨੇ ਦਿੱਲੀ ਵਿੱਚ ਇੰਨੀ ਮਾੜੀ ਸਥਿਤੀ ਪੈਦਾ ਕਰ ਦਿੱਤੀ ਹੈ ਕਿ ਐਮਸੀਡੀ ਕੌਂਸਲਰ ਨੂੰ ਆਪਣੇ ਘਰ ਜਾਣ ਲਈ ਰਬੜ ਦੇ ਵੱਡੇ ਟੱਬ ਦਾ ਸਹਾਰਾ ਲੈਣਾ ਪਿਆ।
ਇਸ ਕਾਰਨ ਮੈਟਰੋ ਸੇਵਾ ਹੋਈ ਮੁਅੱਤਲ
ਦੱਸ ਦੇਈਏ ਕਿ ਦਿੱਲੀ ਇੰਦਰਾ ਗਾਂਧੀ ਹਵਾਈ ਅੱਡੇ ਦੇ ਟਰਮੀਨਲ-1 ‘ਤੇ ਮੀਂਹ ਕਾਰਨ ਛੱਤ ਡਿੱਗਣ ਦੀ ਘਟਨਾ ਵੀ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਹੈ। ਟਰਮੀਨਲ-1 ‘ਤੇ ਏਅਰਪੋਰਟ ਦੀ ਛੱਤ ਡਿੱਗਣ ਕਾਰਨ ਅਜਿਹਾ ਹੋਇਆ। ਕਈ ਲੋਕ ਜ਼ਖ਼ਮੀ ਵੀ ਹੋਏ ਹਨ। ਇਸ ਘਟਨਾ ਤੋਂ ਬਾਅਦ ਅਤੇ ਲਗਾਤਾਰ ਮੀਂਹ ਕਾਰਨ ਦਿੱਲੀ ਮੈਟਰੋ ਰੇਲ ਪ੍ਰਬੰਧਨ ਨੇ ਆਈਜੀਆਈ ਹਵਾਈ ਅੱਡੇ ‘ਤੇ ਮੈਟਰੋ ਸੇਵਾ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ।