ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਕਮੇਟੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ 27 ਨਵੰਬਰ ਆ ਰਹੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਰੋਜ਼ਾ ਆਨਲਾਈਨ ਕੁਇਜ਼ ਮੁਕਾਬਲਾ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।

    ਉਹਨਾਂ ਦੱਸਿਆ ਕਿ ਇਹ ਮੁਕਾਬਲਾ 25 ਅਤੇ 26 ਨਵੰਬਰ ਨੂੰ ਹੋਵੇਗਾ ਤੇ ਇਸ ਵਿਚ ਭਾਗ ਲੈਣ ਲਈ ਦਿੱਲੀ ਗੁਰਦੁਆਰਾ ਕਮੇਟੀ ਦੀ ਵੈਬਸਾਈਟ ’ਤੇ ਉਪਲਬਧ ਬਾਰ ਕੋਡ ਨੂੰ ਸਕੈਨ ਕਰ ਕੇ ਕੋਈ ਵੀ ਬੱਚਾ, ਸਿੱਖ ਬੀਬੀ ਤੇ ਸ਼ਖਸ਼ ਇਸ ਮੁਕਾਬਲੇ ਵਿਚ ਭਾਗ ਲੈ ਸਕਦਾ ਹੈ। ਉਹਨਾਂ ਕਿਹਾ ਕਿ ਇਹ ਮੁਕਾਬਲਾ 26 ਨਵੰਬਰ ਦੀ ਰਾਤ 12.00 ਵਜੇ ਤੱਕ ਜਾਰੀ ਰਹੇਗਾ ਤੇ 27 ਨਵੰਬਰ ਨੂੰ ਇਸਦੇ ਨਤੀਜੇ ਆਨਲਾਈਨ ਹੀ ਕੱਢੇ ਜਾਣਗੇ। ਉਹਨਾਂ ਕਿਹਾ ਕਿ ਮੋਹਰੀ ਰਹਿਣ ਵਾਲੇ ਉਮੀਦਵਾਰ 27 ਨਵੰਬਰ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਆਪਣੇ ਨਤੀਜੇ ਲੈ ਕੇ ਆਉਣਗੇ ਉਹਨਾਂ ਨੂੰ ਸਨਮਾਨਤ ਕੀਤਾ ਜਾਵੇਗਾ।

    ਸਰਦਾਰ ਕਰਮਸਰ ਨੇ ਦੱਸਿਆ ਕਿ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਵੱਲੋਂ ਦਿੱਲੀ ਹੱਲਾਸ਼ੇਰੀ ਤੇ ਹੈਡ ਗ੍ਰੰਥੀ ਗਿਆਨੀ ਸੁਖਵਿੰਦਰ ਸਿੰਘ ਵੱਲੋਂ ਦਿੱਤੇ ਵੱਡਮੁੱਲੇ ਸਹਿਯੋਗ ਸਦਕਾ ਗੁਰੂ ਨਾਨਕ ਦੇਵ ਜੀ ਦੇ ਜੀਵਨ ਸਬੰਧਤ 40 ਸਵਾਲਾਂ ਵਾਲਾ ਇਹ ਆਨਲਾਈਨ ਕੁਇਜ਼ ਹੋਵੇਗਾ। ਉਹਨਾਂ ਕਿਹਾ ਕਿ ਜਵਾਬ ਸਿਰਫ 20 ਮਿੰਟਾਂ ਵਿਚ ਦੇਣੇ ਹਨ ਅਤੇ ਜਿਸ ਵੀ ਪ੍ਰਤੀਯੋਗੀ ਨੂੰ ਜਵਾਬ ਨਹੀਂ ਪਤਾ ਹੋਣਗੇ, ਉਹ ਸਵਾਲਾਂ ਦੇ ਜਵਾਬ ਖੋਜਣਗੇ ਤੇ ਆਪ ਮੁਹਾਰੇ ਹੀ ਸਹਿਜ ਸੁਭਾਅ ਗੁਰਬਾਣੀ ਤੇ ਗੁਰੂਆਂ ਦੇ ਜੀਵਨ ਦੇ ਇਤਿਹਾਸ ਨਾਲ ਜੁੜਨਗੇ।

    ਉਹਨਾਂ ਕਿਹਾ ਕਿ ਅਗਲੀ ਵਾਰ ਅਸੀਂ ਇਸ ਉਪਰਾਲੇ ਨੂੰ ਹੋਰ ਵੱਡੀ ਪੱਧਰ ’ਤੇ ਲੈ ਕੇ ਜਾਵਾਂਗੇ।

    ਉਹਨਾਂ ਨੇ ਸਮੁੱਚੀਆਂ ਸੰਗਤਾਂ ਖਾਸ ਤੌਰ ’ਤੇ ਬੱਚਿਆਂ ਨੂੰ ਇਸ ਮੁਕਾਬਲੇ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ।