ਗਣਤੰਤਰ ਦਿਵਸ ਮੌਕੇ ਅੰਮ੍ਰਿਤਸਰ ਵਿੱਚ ਡਾਕਟਰ ਬੀਆਰ ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਇੱਕ ਵਿਅਕਤੀ ਨੇ ਡਾਕਟਰ ਬੀਆਰ ਅੰਬੇਦਕਰ ਦੇ ਬੁੱਤ ‘ਤੇ ਚੜ੍ਹ ਕੇ ਉਸ ਨੂੰ ਹਥੌੜੇ ਨਾਲ ਤੋੜਨ ਦੀ ਕੋਸ਼ਿਸ ਕੀਤੀ ਸੀ। ਇਹ ਬੁੱਤ ਅਮ੍ਰਿਤਸਰ ਦੀ ਹੈਰੀਟੇਜ ਸਟ੍ਰੀਟ ਵਿੱਚ ਲੱਗੀ ਹੋਈ ਹੈ। ਇਸ ਦੇ ਨਾਲ ਹੀ ਵਿਅਕਤੀ ਨੇ ਉੱਥੇ ਬਣੀ ਸੰਵਿਧਾਨ ਦੀ ਕਿਤਾਬ ‘ਤੇ ਵੀ ਅੱਗ ਲਗਾਈ।

ਇਸ ਮਾਮਲੇ ਉੱਤੇ ਐਕਸ਼ਨ ਲੈਂਦਿਆਂ ਮੁਲਜ਼ਮ ਅਕਾਸ਼ਦੀਪ ਸਿੰਘ ਉੱਤੇ ਦੇਸ਼ਧ੍ਰੋਹ ਦੀ ਧਾਰਾ ਲਗਾਈ ਗਈ। ਉਸ ਖ਼ਿਲਾਫ਼ BNS ਦੀ ਧਾਰਾ 152 ਜੋੜੀ ਗਈ ਹੈ ਤੇ ਅਪਰਾਧਿਕ ਮਾਮਲੇ ਦੀ ਧਾਰਾ 61 (2) ਵੀ ਜੋੜੀ ਗਈ ਹੈ।
ਬੀਤੇ ਦਿਨ ਪੁਲਿਸ ਨੇ ਆਕਾਸ਼ਦੀਪ ਬਾਰੇ ਵੱਡੇ ਖ਼ੁਲਾਸੇ ਕੀਤੇ ਸਨ। ਉਨ੍ਹਾਂ ਦੱਸਿਆ ਸੀ ਕਿ ਉਸ ਦਾ ਦੁਬਈ ਨਾਲ ਕੁਨੈਕਸ਼ਨ ਜੁੜਿਆ ਹੋਇਆ ਹੈ। ਮੁਲਜ਼ਮ ਅਕਾਸ਼ਦੀਪ ਨੂੰ ਪੁਲਿਸ ਨੇ ਅਦਾਲਤ ਵਿੱਚ ਪੇਸ਼ ਕਰ ਕੇ 5 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਸੀ।ਆਕਾਸ਼ਦੀਪ ਦੇ ਮਾਮਲੇ ਦੇ ਵਿੱਚ ਸਭ ਇੰਸਪੈਕਟਰ ਤਰਲੋਕ ਸਿੰਘ ਨੂੰ ਸ਼ਿਕਾਇਤ ਕਰਤਾ ਬਣਾਇਆ ਗਿਆ ਹੈ।
ਫ਼ਿਲਹਾਲ ਉਸ ਕੋਲ ਅੰਮ੍ਰਿਤਸਰ ਆਉਣ ਦੇ ਵੀ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ ਤੇ ਪੁਲਿਸ ਉਸ ਤੋਂ ਸਖ਼ਤੀ ਨਾਲ ਪੁੱਛਗਿੱਛ ਕਰੇਗੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਣੇ ਹੋਰ ਵੱਖ-ਵੱਖ ਆਗੂ ਇਸ ਘਟਨਾ ਦੀ ਨਿੰਦਾ ਕਰ ਰਹੇ ਹਨ।