ਨੇਪਾਲ ਵਿੱਚ ਅੱਜ ਸਵੇਰੇ ਢਿੱਗਾਂ ਡਿੱਗਣ ਕਾਰਨ ਦੋ ਬੱਸਾਂ ਨਦੀ ਵਿੱਚ ਵਹਿਣ ਕਾਰਨ ਸੱਤ ਭਾਰਤੀ ਨਾਗਰਿਕਾਂ ਸਮੇਤ 60 ਤੋਂ ਵੱਧ ਯਾਤਰੀ ਲਾਪਤਾ ਹੋ ਗਏ। ਇਸ ਦੌਰਾਨ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਲ ਪ੍ਰਚੰਡ ਨੇ ਘਟਨਾ ਦੇ ਦੁੱਖ ਪ੍ਰਗਟਾਇਆ ਹੈ। ਉਧਰ ਰਾਹਤ ਕਰਮੀਆਂ ਨੇ ਮਲਬਾ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਨਿਊਜ਼ ਪੋਰਟਲ ‘ਮਾਈ ਰਿਪਬਲਿਕਾ’ ਮੁਤਾਬਕ ਚਿਤਵਨ ਜ਼ਿਲ੍ਹੇ ਦੇ ਸਿਮਲਤਾਲ ਇਲਾਕੇ ’ਚ ਨਾਰਾਇਣਘਾਟ-ਮੁਗਲਿੰਗ ਮਾਰਗ ’ਤੇ ਢਿੱਗਾਂ ਡਿੱਗਣ ਕਾਰਨ 65 ਯਾਤਰੀਆਂ ਨੂੰ ਲਿਜਾ ਰਹੀਆਂ ਦੋ ਬੱਸਾਂ ਤ੍ਰਿਸ਼ੂਲੀ ਨਦੀ ’ਚ ਵਹਿ ਗਈਆਂ। ਚਿਤਵਨ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਇੰਦਰ ਦੇਵ ਯਾਦਵ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ। ਯਾਦਵ ਨੇ ਦੱਸਿਆ ਕਿ ਬੀਰਗੰਜ ਤੋਂ ਕਾਠਮੰਡੂ ਜਾ ਰਹੀ ਏਂਜਲ ਬੱਸ ਅਤੇ ਰਾਜਧਾਨੀ ਤੋਂ ਗੌੜ ਲਈ ਰਵਾਨਾ ਹੋਈ ਗਣਪਤੀ ਡੀਲਕਸ ਨਾਲ ਤੜਕੇ 3.30 ਵਜੇ ਵਜੇ ਹਾਦਸਾ ਵਾਪਰਿਆ।
ਪੁਲੀਸ ਮੁਤਾਬਕ ਏਂਜਲ ਬੱਸ ਵਿੱਚ 24 ਜਦਕਿ ਗਣਪਤੀ ਡੀਲਕਸ ਵਿੱਚ 41 ਯਾਤਰੀ ਸਵਾਰ ਸਨ। ‘ਦਿ ਕਾਠਮੰਡੂ ਪੋਸਟ’ ਦੀ ਰਿਪੋਰਟ ਮੁਤਾਬਕ ਗਣਪਤੀ ਡੀਲਕਸ ’ਚ ਸਵਾਰ ਤਿੰਨ ਯਾਤਰੀ ਬੱਸ ਤੋਂ ਛਾਲ ਮਾਰ ਕੇ ਬਚ ਗਏ। ਪੁਲੀਸ ਨੇ ਦੱਸਿਆ ਕਿ ਬੀਰਗੰਜ ਤੋਂ ਕਾਠਮੰਡੂ ਜਾ ਰਹੀ ਏਂਜਲ ਬੱਸ ਵਿੱਚ ਸਵਾਰ 21 ਯਾਤਰੀਆਂ ਦੇ ਪ੍ਰਾਪਤ ਵੇਰਵਿਆਂ ਅਨੁਸਾਰ ਇਨ੍ਹਾਂ ਵਿੱਚ ਸੱਤ ਭਾਰਤੀ ਵੀ ਸ਼ਾਮਲ ਸਨ। ਪੁਲੀਸ ਮੁਤਾਬਕ ਢਿੱਗਾਂ ਡਿੱਗਣ ਕਾਰਨ ਲਾਪਤਾ ਹੋਏ 6 ਭਾਰਤੀ ਯਾਤਰੀਆਂ ਦੀ ਪਛਾਣ ਸੰਤੋਸ਼ ਠਾਕੁਰ, ਸੁਰੇਂਦਰ ਸ਼ਾਹ, ਅਦਿਤ ਮੀਆਂ, ਸੁਨੀਲ, ਸ਼ਾਹਨਵਾਜ਼ ਆਲਮ ਅਤੇ ਅੰਸਾਰੀ ਵਜੋਂ ਹੋਈ ਹੈ। ਹਾਦਸੇ ਦਾ ਸ਼ਿਕਾਰ ਹੋਏ ਸੱਤਵੇਂ ਭਾਰਤੀ ਦੀ ਹਾਲੇ ਪਛਾਣ ਨਹੀਂ ਹੋ ਸਕੀ। ਯਾਦਵ ਨੇ ਦੱਸਿਆ ਕਿ ਰਾਹਤ ਕਰਮੀਆਂ ਨੇ ਮਲਬਾ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਤ੍ਰਿਸ਼ੂਲੀ ਨਦੀ ’ਚ ਦੋ ਬੱਸਾਂ ਰੁੜ੍ਹਨ ਦੀ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਪ੍ਰਧਾਨ ਮੰਤਰੀ ਪ੍ਰਚੰਡ ਨੇ ਬਚਾਅ ਕਾਰਜ ਜੰਗੀ ਪੱਧਰ ’ਤੇ ਚਲਾਉਣ ਦੇ ਨਿਰਦੇਸ਼ ਦਿੱਤੇ ਹਨ।