ਰਾਜਸਥਾਨ ਦੇ ਭੀਲਵਾੜਾ ਵਿਚ ਇਕ ਐਂਬੂਲੈਂਸ ਦਾ ਦਰਵਾਜ਼ਾ ਕਥਿਤ ਤੌਰ ’ਤੇ ਜਾਮ ਹੋਣ ਕਾਰਨ ਉਸ ਵਿਚ ਮੌਜੂਦ ਮਹਿਲਾ ਮਰੀਜ਼ ਨੂੰ ਸਮੇਂ ਸਿਰ ਬਾਹਰ ਨਹੀਂ ਕਢਿਆ ਜਾ ਸਕਿਆ ਅਤੇ ਉਸ ਦੀ ਮੌਤ ਹੋ ਗਈ। ਮੰਗਲਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਇਕ ਅਧਿਕਾਰੀ ਨੇ ਦਸਿਆ ਕਿ ਮਾਮਲੇ ਦੀ ਜਾਂਚ ਲਈ ਚਾਰ ਮੈਂਬਰੀ ਕਮੇਟੀ ਬਣਾਈ ਗਈ ਹੈ।
ਇਸ ਮੁਤਾਬਕ ਸੁਲੇਖਾ (45) ਨਾਂ ਦੀ ਔਰਤ ਨੇ ਐਤਵਾਰ ਨੂੰ ਅਪਣੇ ਕਮਰੇ ’ਚ ਫਾਹਾ ਲੈ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ, ਜਿਸ ਤੋਂ ਬਾਅਦ ਉਸ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਪਰ ਉੱਥੇ ਐਂਬੂਲੈਂਸ ਦਾ ਦਰਵਾਜ਼ਾ ਕਥਿਤ ਤੌਰ ’ਤੇ ਜਾਮ ਹੋ ਗਿਆ ਅਤੇ ਐਂਬੂਲੈਂਸ ਦਾ ਸ਼ੀਸ਼ਾ ਤੋੜ ਕੇ ਉਸ ਨੂੰ ਬਾਹਰ ਕਢਿਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।
ਔਰਤ ਦੇ ਪਰਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਦਰਵਾਜ਼ਾ ਜਾਮ ਹੋਣ ਕਾਰਨ ਕੀਮਤੀ ਸਮਾਂ ਬਰਬਾਦ ਹੋਇਆ, ਕਿਉਂਕਿ ਉਹ 15 ਮਿੰਟ ਤਕ ਐਂਬੂਲੈਂਸ ਦੇ ਅੰਦਰ ਹੀ ਫਸੀ ਰਹੀ। ਜ਼ਿਲ੍ਹਾ ਕੁਲੈਕਟਰ ਨਮਿਤ ਮਹਿਤਾ ਨੇ ਮਾਮਲੇ ਦੀ ਜਾਂਚ ਸਹਾਇਕ ਕੁਲੈਕਟਰ ਅਰੁਣ ਜੈਨ ਨੂੰ ਸੌਂਪ ਦਿਤੀ ਹੈ।
ਭੀਲਵਾੜਾ ਦੇ ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ ਡਾ.ਸੀ.ਪੀ.ਗੋਸਵਾਮੀ ਨੇ ਵੀ ਮਾਮਲੇ ਦੀ ਜਾਂਚ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਚਾਰ ਮੈਂਬਰੀ ਕਮੇਟੀ ਬਣਾਈ ਗਈ ਹੈ ਅਤੇ ਜਲਦੀ ਤੋਂ ਜਲਦੀ ਰਿਪੋਰਟ ਸੌਂਪੀ ਜਾਵੇਗੀ। ਉਨ੍ਹਾਂ ਕਿਹਾ ਕਿ ਕਮੇਟੀ ਐਂਬੂਲੈਂਸ ਦੇ ਰਿਕਾਰਡ, ਹਸਪਤਾਲ ਪਹੁੰਚਣ ਦੇ ਵੇਰਵਿਆਂ, ਪੋਸਟਮਾਰਟਮ ਰਿਪੋਰਟ ਅਤੇ ਹੋਰ ਖਾਮੀਆਂ ਦੀ ਜਾਂਚ ਕਰੇਗੀ। ਹਾਲਾਂਕਿ, ਐਂਬੂਲੈਂਸ ਸੰਚਾਲਨ ਫਰਮ ਈਐਮਆਰਆਈਜੀਐਚਐਸ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਐਂਬੂਲੈਂਸ ਦਾ ਦਰਵਾਜ਼ਾ ਜਾਮ ਹੋਣ ਕਾਰਨ ਔਰਤ ਦੀ ਮੌਤ ਹੋਈ।