ਜਾਪਾਨ ਵਿੱਚ ਨਵੇਂ ਸਾਲ ਦੇ ਦਿਨ ਭੂਚਾਲਾਂ ਦੀ ਲੜੀ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ। ਭੂਚਾਲ ਕਾਰਨ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਅਤੇ ਕਈ ਘਰਾਂ ਵਿਚ ਭਿਆਨਕ ਅੱਗ ਲੱਗ ਗਈ। ਕੁਝ ਲੋਕ ਫਸੇ ਹੋਏ ਹਨ, ਜਿਨ੍ਹਾਂ ਨੂੰ ਬਚਾਉਣ ਲਈ ਬਚਾਅ ਕਾਰਜ ਜਾਰੀ ਹੈ। ਇੱਕ ਦਿਨ ਵਿੱਚ 155 ਭੂਚਾਲਾਂ ਕਾਰਨ ਹੋਏ ਨੁਕਸਾਨ ਦਾ ਅਸਲ ਅੰਕੜਾ ਅਜੇ ਸਾਹਮਣੇ ਨਹੀਂ ਆਇਆ ਹੈ।

    ਜਾਪਾਨੀ ਮੀਡੀਆ ਰਿਪੋਰਟਾਂ ਵਿਚ ਢਹਿ-ਢੇਰੀ ਇਮਾਰਤਾਂ, ਬੰਦਰਗਾਹ ‘ਤੇ ਡੁੱਬੀਆਂ ਕਿਸ਼ਤੀਆਂ, ਵੱਡੀ ਗਿਣਤੀ ਵਿਚ ਸੜੇ ਹੋਏ ਘਰ ਅਤੇ ਸਥਾਨਕ ਲੋਕ ਕਠੋਰ ਸਰਦੀਆਂ ਵਿਚ ਬਿਜਲੀ ਤੋਂ ਬਿਨਾਂ ਰਹਿਣ ਲਈ ਮਜ਼ਬੂਰ ਹਨ। ਜਾਪਾਨ ਦੀ ਸਰਕਾਰ ਨੇ ਭੂਚਾਲ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ, ਅਤੇ ਤੱਟਵਰਤੀ ਖੇਤਰਾਂ ਦੇ ਨਿਵਾਸੀਆਂ ਨੂੰ ਆਪਣੇ ਘਰਾਂ ਨੂੰ ਵਾਪਸ ਨਾ ਜਾਣ ਲਈ ਕਿਹਾ ਕਿਉਂਕਿ ਮਾਰੂ ਲਹਿਰਾਂ ਅਜੇ ਵੀ ਆ ਸਕਦੀਆਂ ਹਨ।

    ਜਾਪਾਨ ਨੂੰ 2024 ਦੇ ਪਹਿਲੇ ਦਿਨ ਭੂਚਾਲਾਂ ਦੀ ਇੱਕ ਲੜੀ ਦਾ ਸਾਹਮਣਾ ਕਰਨਾ ਪਿਆ। ਜਾਪਾਨੀ ਅਧਿਕਾਰੀਆਂ ਮੁਤਾਬਕ ਇਕ ਦਿਨ ‘ਚ ਕਰੀਬ 155 ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਬਹੁਤ ਸਾਰੇ ਝਟਕੇ 6 ਤੀਬਰਤਾ ਤੋਂ ਵੱਧ ਦੇ ਸੀ, ਜਦਕਿ ਪਹਿਲਾ ਝਟਕਾ 7.6 ਤੀਬਰਤਾ ਦਾ ਸੀ। ਇਸ ਝਟਕੇ ਨੇ ਸਭ ਤੋਂ ਵੱਧ ਤਬਾਹੀ ਮਚਾਈ।

    ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਬਚਾਅ ਦਲਾਂ ਨੂੰ ਭੂਚਾਲ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚਣ ਦੇ ਹੁਕਮ ਦਿੱਤੇ ਹਨ। ਜਾਪਾਨ ‘ਚ ਆਏ ਸ਼ਕਤੀਸ਼ਾਲੀ ਭੂਚਾਲ ਤੋਂ ਬਾਅਦ ਰੂਸ, ਦੱਖਣੀ ਕੋਰੀਆ ਅਤੇ ਉੱਤਰੀ ਕੋਰੀਆ ‘ਚ ਵੀ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਰੂਸ ਦੇ ਸਖਾਲਿਨ ਟਾਪੂ ਦੇ ਪੱਛਮੀ ਤੱਟ ਅਤੇ ਮੁੱਖ ਭੂਮੀ ਪ੍ਰਿਮੋਰਸਕ ਅਤੇ ਖਾਬਾਰੋਵਸਕ ਖੇਤਰਾਂ ਨੂੰ ਸੁਨਾਮੀ ਦਾ ਖ਼ਤਰਾ ਹੈ।