ਅੰਬਾਲਾ ਰੋਡ ‘ਤੇ ਢਿੱਲੋਂ ਪਲਾਜ਼ਾ ਸਥਿਤ ਆਈਨੌਕਸ (ਸਿਨੇਮਾ ਲਾਜ) ਸਥਿਤ ਫੂਡ ਕੋਰਟ ਤੋਂ ਲਏ ਬਰਗਰ ‘ਚ ਕੀੜਾ ਮਿਲਣ ਤੋਂ ਬਾਅਦ ਹੰਗਾਮਾ ਹੋ ਗਿਆ। ਸ਼ਿਕਾਇਤਕਰਤਾ ਅਨੁਸਾਰ ਬਰਗਰ ਬਹੁਤ ਪੁਰਾਣਾ ਲੱਗ ਰਿਹਾ ਸੀ ਅਤੇ ਖਾਣਾ ਮੁਸ਼ਕਲ ਸੀ। ਇਸ ਦਾ ਵੀਡੀਓ ਵੀ ਕਾਫੀ ਵਾਇਰਲ ਹੋ ਰਿਹਾ ਹੈ। ਇਲਜ਼ਾਮ ਹੈ ਕਿ ਕੀੜਾ ਨਿਕਲਣ ਤੋਂ ਬਾਅਦ ਕੈਸ਼ੀਅਰ ਨੇ ਮਾਮਲਾ ਰਫਾ-ਦਫਾ ਕਰਨ ਦੀ ਕੋਸ਼ਿਸ਼ ‘ਚ ਗ੍ਰਾਹਕ ਨਾਲ ਦੁਰਵਿਵਹਾਰ ਵੀ ਕੀਤਾ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਝਗੜਾ ਹੋ ਗਿਆ। ਬਰਗਰ ਦੀ ਵੀਡੀਓ ਬਣਾ ਕੇ ਫੂਡ ਸੇਫਟੀ ਅਫਸਰ ਨੂੰ ਦਿਤੀ ਗਈ।

ਡੇਰਾਬੱਸੀ ਵਾਸੀ ਵਿਮਲ ਚੋਪੜਾ ਨੇ ਦਸਿਆ ਕਿ ਮੰਗਲਵਾਰ ਸ਼ਾਮ ਨੂੰ ਉਹ ਅਪਣੇ ਪਰਿਵਾਰ ਨਾਲ ਢਿੱਲੋਂ ਪਲਾਜ਼ਾ ਸਥਿਤ ਆਈਕਾਕਸ ਸਿਨੇਮਾ ਹਾਲ ਵਿਖੇ ਫਿਲਮ ਦੇਖਣ ਲਈ ਆਇਆ ਸੀ। ਉਸ ਨੇ ਅੰਤਰਾਲ ਦੌਰਾਨ 270 ਰੁਪਏ ਦਾ ਬਰਗਰ ਆਰਡਰ ਕੀਤਾ। ਜਦੋਂ ਉਸ ਨੇ ਬਰਗਰ ਖਾਧਾ ਤਾਂ ਉਸ ਵਿਚੋਂ ਬਦਬੂ ਆ ਰਹੀ ਸੀ ਅਤੇ ਕੀੜਾ ਮਰਿਆ ਪਿਆ ਸੀ।ਉਨ੍ਹਾਂ ਦਸਿਆ ਕਿ ਬਰਗਰ ਬਹੁਤ ਪੁਰਾਣਾ ਲੱਗ ਰਿਹਾ ਸੀ, ਜਿਸ ਨੂੰ ਚਬਾਇਆ ਵੀ ਨਹੀਂ ਗਿਆ। ਜਦੋਂ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਕੀਤੀ ਤਾਂ ਉਹ ਅਪਣੀ ਗਲਤੀ ਮੰਨਣ ਦੀ ਬਜਾਏ ਉਨ੍ਹਾਂ ਨਾਲ ਬਹਿਸ ਕਰਨ ਲੱਗੇ। ਫੂਡ ਕੋਰਟ ਦੇ ਸਟਾਫ ਨੇ ਉਸ ਨੂੰ ਦਸਿਆ ਕਿ ਬਰਗਰ ਦੀ ਮਿਆਦ ਚਾਰ ਮਹੀਨਿਆਂ ਦੀ ਹੈ।
ਵਿਮਲ ਚੋਪੜਾ ਨੇ ਰੈਸਟੋਰੈਂਟ ਸੰਚਾਲਕ ‘ਤੇ ਖਰਾਬ ਭੋਜਨ ਪਦਾਰਥ ਮੁਹੱਈਆ ਕਰਵਾਉਣ ਦਾ ਦੋਸ਼ ਲਗਾਉਂਦੇ ਹੋਏ ਫੂਡ ਸੇਫਟੀ ਵਿਭਾਗ ਨੂੰ ਸ਼ਿਕਾਇਤ ਕੀਤੀ ਹੈ।
ਫੂਡ ਸੇਫਟੀ ਅਫਸਰ ਰਵੀ ਗੋਇਲ ਨੇ ਕਿਹਾ ਕਿ ਵਿਮਲ ਚੋਪੜਾ ਨੇ ਮੈਨੂੰ ਵੀਡੀਓ ਜ਼ਰੂਰ ਭੇਜੀ ਸੀ ਪਰ ਉਨ੍ਹਾਂ ਕੋਲ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ ਹੈ। ਉਸ ਨੂੰ ਬਰਗਰ ਲਿਆਉਣ ਲਈ ਕਿਹਾ ਗਿਆ ਸੀ ਪਰ ਉਹ ਉਸ ਕੋਲ ਨਹੀਂ ਪਹੁੰਚਿਆ, ਜੇਕਰ ਉਸ ਨੇ ਕੋਈ ਸ਼ਿਕਾਇਤ ਦਰਜ ਕਰਵਾਈ ਤਾਂ ਕਾਰਵਾਈ ਕੀਤੀ ਜਾਵੇਗੀ।