ਪੰਜਾਬ ਦੇ ਸਕੂਲਾਂ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਹੈ ਕਿ 2026 ਤੱਕ ਸੂਬੇ ਦੇ 100 ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ‘ਸਕੂਲ ਆਫ ਹੈਪੀਨੈੱਸ’’ਚ ਤਬਦੀਲ ਕਰ ਦਿੱਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸਕੂਲਾਂ ’ਚ ਕਲਾਸ ਦੇ ਨਾਲ ਸਕੂਲ ਬਿਲਡਿੰਗ ਨੂੰ ਵੀ ਆਕਰਸ਼ਕ ਢੰਗ ਨਾਲ ਤਿਆਰ ਕੀਤਾ ਜਾਵੇਗਾ, ਤਾਂ ਕਿ ਇਹ ਸਾਰਿਆਂ ਨੂੰ ਆਕਰਸ਼ਿਤ ਕਰਨ। ਲੁਧਿਆਣਾ ’ਚ 4 ਤੋਂ 5 ਸਕੂਲਾਂ ਇਸ ਪ੍ਰਾਜੈਕਟ ’ਚ ਸ਼ਾਮਲ ਕੀਤਾ ਜਾ ਰਿਹਾ ਹੈ। ਜਿਨ੍ਹਾਂ ਪ੍ਰਾਇਮਰੀ ਸਕੂਲਾਂ ’ਚ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੋਵੇਗੀ ਅਤੇ ਲੋੜੀਂਦਾ ਸਥਾਨ ਹੋਵੇਗਾ, ਉਨ੍ਹਾਂ ਨੂੰ ਪਹਿਲਾਂ ਸ਼ਾਮਲ ਕੀਤਾ ਜਾਵੇਗਾ।
ਬੀਤੇ ਦਿਨੀਂ ਸਿੱਖਿਆ ਮੰਤਰੀ ਹਰਜੋਤ ਬੈਂਸ ਮੈਰੀਟੋਰੀਅਸ ਰੈਜ਼ੀਡੈਂਸ਼ੀਅਲ ਸਕੂਲ ’ਚ ਆਯੋਜਿਤ ਸੂਬਾ ਪੱਧਰੀ ਸਮਰ ਕੋਚਿੰਗ ਕੈਂਪ ਦਾ ਜਾਇਜ਼ਾ ਲੈਣ ਪੁੱਜੇ ਸਨ। ਇਸ ਦੌਰਾਨ 700 ਦੇ ਲਗਭਗ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਤੋਂ ਕੈਂਪ ਦੇ ਤਜਰਬਿਆਂ ਬਾਰੇ ਜਾਣਕਾਰੀ ਲਈ। ਸਿੱਖਿਆ ਮੰਤਰੀ ਨੇ ਕਿਹਾ ਕਿ ਪਹਿਲਾਂ ਜਦ ਵਿਦਿਆਰਥੀ ਸਕੂਲ ਜਾਂਦੇ ਸਨ ਤਾਂ ਇਸ ਨੂੰ ਨਕਾਰਾਤਮਕ ਦ੍ਰਿਸ਼ਟੀਕੋਣ ਨਾਲ ਦੇਖਿਆ ਜਾਂਦਾ ਸੀ ਪਰ ਹੁਣ ਸਕੂਲ ਆਫ ਐਮੀਨੈਂਸ ਨੇ ਵਿਦਿਆਰਥੀਆਂ ਨੂੰ ਆਤਮ-ਵਿਸ਼ਵਾਸ ਦਿੱਤਾ ਹੈ ਕਿ ਉਹ ਇਕ ਉੱਚ ਕੋਟੀ ਦੇ ਅੰਗ੍ਰੇਜ਼ੀ ਨਾਂ ਵਾਲੇ ਸਕੂਲ ’ਚ ਪੜ੍ਹ ਰਹੇ ਹਨ। ਇਸ ਸਬੰਧੀ ਸਿੱਖਿਆ ਮੰਤਰੀ ਬੈਂਸ ਨੇ ਕਿਹਾ ਕਿ ਵਿਦਿਆਰਥੀਆਂ ਨੇ ਦੱਸਿਆ ਕਿ ਪੂਰੇ ਕੈਂਪ ਦੌਰਾਨ ਸਟਾਫ਼ ਨੇ ਉਨ੍ਹਾਂ ਨੂੰ ਇਕ ਬਿਹਤਰੀਨ ਮਾਹੌਲ ਪ੍ਰਦਾਨ ਦਿੱਤਾ ਹੈ, ਜਿਸ ਨਾਲ ਉਨ੍ਹਾਂ ਨੂੰ ਕਦੇ ਇਸ ਤਰ੍ਹਾਂ ਮਹਿਸੂਸ ਨਹੀਂ ਹੋਇਆ ਹੈ ਕਿ ਉਹ ਆਪਣੇ ਘਰ ਤੋਂ ਦੂਰ ਹਨ। ਸਿੱਖਿਆ ਮੰਤਰੀ ਨੇ ਸਮਰ ਕੋਚਿੰਗ ਪ੍ਰੋਗਰਾਮ ’ਚ ਸ਼ਾਮਲ ਮਾਹਿਰਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਤਜਰਬਿਆਂ ਨੂੰ ਸੁਣਿਆ। ਸਿੱਖਿਆ ਮੰਤਰੀ ਬੈਂਸ ਨੇ ਕਿਹਾ ਕਿ ਭਵਿੱਖ ’ਚ ਵੀ ਇਸ ਤਰ੍ਹਾਂ ਦੇ ਕੋਚਿੰਗ ਕੈਂਪ ਵਿਦਿਆਰਥੀਆਂ ਲਈ ਜਾਰੀ ਰਹਿਣਗੇ ਅਤੇ ਇਸ ਨੂੰ ਸਥਾਈ ਰੂਪ ’ਚ ਲਾਗੂ ਕਰਨ ਲਈ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਇਸ ਸਬੰਧ ’ਚ 3 ਪ੍ਰਮੁੱਖ ਏਜੰਸੀਆਂ ਨਾਲ ਗੱਲਬਾਤ ਵੀ ਚੱਲ ਰਹੀ ਹੈ।
ਸਿੱਖਿਆ ਮੰਤਰੀ ਬੈਂਸ ਨੇ ਦੱਸਿਆ ਕਿ 15 ਅਗਸਤ ਤੱਕ 13 ਨਵੇਂ ਸਕੂਲ ਆਫ ਐਮੀਨੈਂਸ ਸਕੂਲਾਂ ਦਾ ਉਦਘਾਟਨ ਕੀਤਾ ਜਾਣਾ ਹੈ। ਰਾਜ ਭਰ ’ਚ 117 ਸਕੂਲ ਆਫ ਐਮੀਨੈਂਸ ’ਚੋਂ 14 ਐੱਸ. ਓ. ਈ. ਸਕੂਲਾਂ ਦਾ ਉਦਘਾਟਨ ਕੀਤਾ ਜਾ ਚੁੱਕਾ ਹੈ। ਸਿੱਖਿਆ ਮੰਤਰੀ ਨੇ ਦੱਸਿਆ ਕਿ ਸਕੂਲ ਆਫ਼ ਹੈਪੀਨੈੱਸ ’ਚ ਬੱਚਿਆਂ ਨੂੰ ਮਨੋਵਿਗਿਆਨ ਆਧਾਰਿਤ ਲਰਨਿੰਗ ਦਿੱਤੀ ਜਾਵੇਗੀ ਤਾਂ ਕਿ ਖੇਡ-ਖੇਡ ਵਿਚ ਜ਼ਿਆਦਾ ਸਿੱਖ ਸਕਣ। ਪ੍ਰਿੰਸੀਪਲ ਤੋਂ ਬਾਅਦ ਹੁਣ ਸਕੂਲ ਹੈੱਡ ਸਟਾਫ ਨੂੰ ਵੀ ਫਿਨਲੈਂਡ ’ਚ ਟ੍ਰੇਨਿੰਗ ਲਈ ਭੇਜਿਆ ਜਾਵੇਗਾ।
ਸਿੱਖਿਆ ਮੰਤਰੀ ਬੈਂਸ ਨੇ ਕਿਹਾ ਕਿ ਸੂਬੇ ਭਰ ਦੇ ਸਰਕਾਰੀ ਕਾਲਜਾਂ ’ਚ ਸਟਾਫ਼ ਦੀ ਕਮੀ ਨੂੰ ਦੂਰ ਕਰਨ ਲਈ ਵੀ ਮਹੱਤਵਪੂਰਨ ਕਦਮ ਚੁੱਕੇ ਹਨ। ਉਨ੍ਹਾਂ ਦੱਸਿਆ ਕਿ 646 ਪ੍ਰੋਫੈਸਰਾਂ ਦੀ ਜਲ਼ਦ ਹੀ ਭਰਤੀ ਕੀਤੀ ਜਾਵੇਗੀ। ਸਿੱਖਿਆ ਵਿਭਾਗ ਪਰਮੋਸ਼ਨ ਦੀ ਪ੍ਰਕਿਰਿਆ ਨੂੰ ਤੇਜ਼ ਕਰ ਰਿਹਾ ਹੈ ਅਤੇ ਹੁਣ ਸਕੂਲਾਂ ’ਚ ਲੈਕਚਰਰ ਨਾਲ ਪ੍ਰਿੰਸੀਪਲ ਅਹੁਦੇ ’ਤੇ ਪਰਮੋਸ਼ਨ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਵਿਭਾਗ 7000 ਪ੍ਰਾਇਮਰੀ, 6000 ਈ. ਟੀ. ਟੀ. ਅਤੇ 6000 ਮਾਸਟਰ ਕੇਡਰ ਅਧਿਆਪਕਾਂ ਦੀ ਭਰਤੀ ਕਰ ਰਿਹਾ ਹੈ, ਤਾਂ ਕਿ ਭਵਿੱਖ ’ਚ ਕਿਸੇ ਵੀ ਸਕੂਲ ਨੂੰ ਅਧਿਆਪਕਾਂ ਦੀ ਕਮੀ ਨਾ ਹੋਵੇ।