ਨਵੀਂ ਦਿੱਲੀ ਵਿਚ ਗੀਤਾ ਕਲੋਨੀ ਦੇ ਝੀਲ ਖੁਰਾਂਜਾ ਵਿਚ ਇਕ ਕਾਰ ਸਵਾਰ ਨੇ ਘਰ ਦੇ ਬਾਹਰ ਝਾੜੂ ਮਾਰ ਰਹੀ ਬਜ਼ੁਰਗ ਔਰਤ ਨੂੰ ਕੁਚਲ ਦਿਤਾ। ਹਾਦਸੇ ਤੋਂ ਬਾਅਦ ਦੋਸ਼ੀ ਕਾਰ ਛੱਡ ਕੇ ਫਰਾਰ ਹੋ ਗਿਆ। ਪਰਵਾਰ ਵਾਲੇ ਜ਼ਖਮੀ ਜਾਨਕੀ ਕੁਮਾਰੀ (65) ਨੂੰ ਕ੍ਰਿਸ਼ਨਾ ਨਗਰ ਦੇ ਗੋਇਲ ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।

    ਪੁਲਿਸ ਨੂੰ ਹਾਦਸੇ ਦੀ ਸੂਚਨਾ ਹਸਪਤਾਲ ਤੋਂ ਹੀ ਮਿਲੀ। ਬਾਅਦ ‘ਚ ਗੀਤਾ ਕਾਲੋਨੀ ਥਾਣਾ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਕੁਲ ਰਾਠੌਰ (25) ਨੂੰ ਗ੍ਰਿਫਤਾਰ ਕਰ ਲਿਆ। ਜਾਂਚ ਵਿਚ ਸਾਹਮਣੇ ਆਇਆ ਕਿ ਮੁਲਜ਼ਮ ਨੇ ਕੁੱਝ ਦਿਨ ਪਹਿਲਾਂ ਹੀ ਕਾਰ ਚਲਾਉਣੀ ਸਿੱਖੀ ਸੀ। ਬੁੱਧਵਾਰ ਨੂੰ ਉਹ ਅਪਣੀਆਂ ਦੋਵੇਂ ਭੈਣਾਂ ਨਾਲ ਕਿਸੇ ਕੰਮ ਲਈ ਲਕਸ਼ਮੀ ਨਗਰ ਗਿਆ ਸੀ। ਵਾਪਸ ਆਉਂਦੇ ਸਮੇਂ ਗਲੀ ‘ਚ ਕਾਰ ਦਾ ਸੰਤੁਲਨ ਵਿਗੜ ਗਿਆ, ਇਹ ਕਾਰ ਉਸ ਦੇ ਜੀਜਾ ਦੇ ਨਾਂ ‘ਤੇ ਹੈ।

     

    ਪੁਲਿਸ ਅਨੁਸਾਰ ਜਾਨਕੀ ਅਪਣੇ ਪਿੱਛੇ ਅਪਣੇ ਪਤੀ ਸੁਦੇਸ਼ ਚੰਦ ਬਖਸ਼ੀ, ਪੁੱਤਰ ਤਰੁਣ ਬਖਸ਼ੀ ਅਤੇ ਦੋ ਧੀਆਂ ਛੱਡ ਗਈ ਹੈ। ਤਰੁਣ ਪ੍ਰਾਪਰਟੀ ਦਾ ਕੰਮ ਕਰਦਾ ਹੈ। ਪਰਵਾਰ ਨੇ ਦਸਿਆ ਕਿ ਬੁੱਧਵਾਰ ਨੂੰ ਜਾਨਕੀ ਘਰ ਦੇ ਬਾਹਰ ਝਾੜੂ ਲਗਾ ਰਹੀ ਸੀ। ਇਸੇ ਦੌਰਾਨ ਸਵੇਰੇ ਕਰੀਬ 8:45 ਵਜੇ ਇਕ ਚਿੱਟੇ ਰੰਗ ਦੀ ਟੋਇਟਾ ਕੋਰੋਲਾ ਕਾਰ ਗਲੀ ਵਿਚ ਪਲਟ ਗਈ।

     

    ਮੁਕੁਲ ਨੇ ਕਾਰ ‘ਤੇ ਕੰਟਰੋਲ ਗੁਆ ਦਿਤਾ ਅਤੇ ਜਾਨਕੀ ਨੂੰ ਟੱਕਰ ਮਾਰ ਦਿਤੀ। ਇਸ ਕਾਰਨ ਉਹ ਕੰਧ ਅਤੇ ਕਾਰ ਵਿਚਕਾਰ ਫਸ ਗਈ। ਗਲੀ ‘ਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਤੋਂ ਪਤਾ ਲੱਗਦਾ ਹੈ ਕਿ ਮੁਕੁਲ ਦੀ ਭੈਣ ਕਾਰ ਤੋਂ ਹੇਠਾਂ ਉਤਰਦੀ ਹੈ ਅਤੇ ਬਜ਼ੁਰਗ ਨੂੰ ਦੇਖਦੀ ਹੈ। ਇਸ ਤੋਂ ਬਾਅਦ ਮੁਕੁਲ ਫਰਾਰ ਹੋ ਗਿਆ। ਪੁਲਿਸ ਸੀਸੀਟੀਵੀ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕਰਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਬੁੱਧਵਾਰ ਨੂੰ ਹੀ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿਤੀ। ਘਟਨਾ ਤੋਂ ਬਾਅਦ ਜਾਨਕੀ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।