ਸੰਸਦ ਮੈਂਬਰ ਸਾਈਮਨ ਹੈਰਿਸ ਨੂੰ ਮੰਗਲਵਾਰ ਨੂੰ ਸੰਸਦ ‘ਚ ਵੋਟਿੰਗ ਰਾਹੀਂ ਆਇਰਲੈਂਡ ਦਾ ਨਵਾਂ ਪ੍ਰਧਾਨ ਮੰਤਰੀ ਚੁਣ ਲਿਆ ਗਿਆ। ਉਹ 37 ਸਾਲ ਦੀ ਉਮਰ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਵਾਲੇ ਸੱਭ ਤੋਂ ਘੱਟ ਉਮਰ ਦੇ ਵਿਅਕਤੀ ਹਨ। ਹੈਰਿਸ ਨੇ ਲਿਓ ਵਰਾਡਕਰ ਦੀ ਥਾਂ ਲਈ ਹੈ।
ਵਰਾਡਕਰ ਨੇ ਪਿਛਲੇ ਮਹੀਨੇ ਅਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਹੈਰਾਨੀਜਨਕ ਐਲਾਨ ਕੀਤਾ ਸੀ। ਹੈਰਿਸ ਨੇ ਵਰਾਡਕਰ ਦੀ ਸਰਕਾਰ ਵਿਚ ਉਚੇਰੀ ਸਿੱਖਿਆ ਮੰਤਰੀ ਵਜੋਂ ਸੇਵਾ ਨਿਭਾਈ। ਮੱਧ-ਸੱਜੇ ਫਾਈਨ ਗੇਲ ਪਾਰਟੀ ਦੇ ਮੁਖੀ ਵਜੋਂ ਉਸ ਦੀ ਥਾਂ ਲੈਣ ਵਾਲਾ ਹੈਰਿਸ ਇਕਲੌਤਾ ਉਮੀਦਵਾਰ ਸੀ।
ਆਇਰਿਸ਼ ਸੰਸਦ ਦੇ ਹੇਠਲੇ ਸਦਨ ਡੇਲ ਵਿਚ ਸੰਸਦ ਮੈਂਬਰਾਂ ਨੇ 69 ਦੇ ਮੁਕਾਬਲੇ 88 ਵੋਟਾਂ ਨਾਲ ਹੈਰਿਸ ਨੂੰ ਤਾਓਇਸੇਚ ਜਾਂ ਪ੍ਰਧਾਨ ਮੰਤਰੀ ਬਣਾਏ ਜਾਣ ਦਾ ਰਾਹ ਪੱਧਰਾ ਕੀਤਾ। ਉਨ੍ਹਾਂ ਨੂੰ ਰਸਮੀ ਤੌਰ ‘ਤੇ ਰਾਸ਼ਟਰਪਤੀ ਮਾਈਕਲ ਡੀ ਹਿਗਿੰਸ ਦੁਆਰਾ ਡਬਲਿਨ ਵਿਚ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ‘ਤੇ ਇਕ ਸਮਾਰੋਹ ਵਿਚ ਨਿਯੁਕਤ ਕੀਤਾ ਗਿਆ।
ਹੈਰਿਸ ਪਹਿਲੀ ਵਾਰ 24 ਸਾਲ ਦੀ ਉਮਰ ਵਿਚ ਸੰਸਦ ਲਈ ਚੁਣੇ ਗਏ ਸਨ। ਹੈਰਿਸ ਨੇ ਕਿਹਾ ਕਿ ਅੱਜ ਤੁਸੀਂ ਮੇਰੇ ‘ਤੇ ਜੋ ਭਰੋਸਾ ਰੱਖਿਆ ਹੈ, ਉਸ ਦਾ ਸਨਮਾਨ ਕਰਨ ਲਈ ਮੈਂ ਹਰ ਸੰਭਵ ਕੋਸ਼ਿਸ਼ ਕਰਨ ਲਈ ਵਚਨਬੱਧ ਹਾਂ। ਤਾਓਇਸੇਚ ਦੇ ਰੂਪ ਵਿਚ ਮੈਂ ਜਨਤਕ ਜੀਵਨ ਵਿਚ ਨਵੇਂ ਵਿਚਾਰ, ਨਵੀਂ ਊਰਜਾ ਅਤੇ ਨਵੀਂ ਹਮਦਰਦੀ ਲਿਆਉਣਾ ਚਾਹੁੰਦਾ ਹਾਂ।