ਫਾਜ਼ਿਲਕਾ ਦੇ ਜਲਾਲਾਬਾਦ ‘ਚ ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਸਾਂਝੀ ਕਾਰਵਾਈ ਕਰਦੇ ਹੋਏ ਕਈ ਪਿੰਡਾਂ ‘ਚ ਨਾਜਾਇਜ਼ ਸ਼ਰਾਬ ਖ਼ਿਲਾਫ਼ ਛਾਪੇਮਾਰੀ ਕੀਤੀ। ਇਸ ਦੌਰਾਨ ਅਧਿਕਾਰੀਆਂ ਨੇ ਕਰੀਬ 11 ਹਜ਼ਾਰ ਲੀਟਰ ਨਾਜਾਇਜ਼ ਦੇਸੀ ਸ਼ਰਾਬ ਬਰਾਮਦ ਕੀਤੀ, ਜਿਸ ਨੂੰ ਤੁਰੰਤ ਨਸ਼ਟ ਕਰ ਦਿੱਤਾ ਗਿਆ।
ਟੀਮ ਨੇ ਜਲਾਲਾਬਾਦ ਇਲਾਕੇ ਦੇ ਪਿੰਡ ਮਹਾਲਮ, ਪਾਲੀਵਾਲਾ ਸਮੇਤ ਕਈ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ। ਨਾਜਾਇਜ਼ ਸ਼ਰਾਬ ਬਣਾਉਣ ਵਾਲਿਆਂ ਨੇ ਬੜੀ ਚਲਾਕੀ ਨਾਲ ਕਿਤੇ ਦਹੀਂ ਦੇ ਡੱਬਿਆਂ ਵਿੱਚ, ਕਿਤੇ ਤੂੜੀ ਦੇ ਹੇਠਾਂ ਅਤੇ ਕਿਤੇ ਡਰੰਮਾਂ ਵਿੱਚ ਪਾ ਕੇ ਲਾਹਣ ਜ਼ਮੀਨ ਦੇ ਹੇਠਾਂ ਦੱਬੀ ਸੀ।
ਸ਼ਰਾਬ ਨੂੰ ਜ਼ਮੀਨ ਦੇ ਅੰਦਰ ਡਰੰਮਾਂ ਵਿੱਚ ਪਾ ਕੇ ਰੱਖਿਆ ਸੀ। ਪੁਲਿਸ ਨੇ ਜ਼ਮੀਨ ਵਿਚੋਂ ਬਾਹਰ ਕੱਢ ਕੇ ਨਸ਼ਟ ਕੀਤਾ। ਇਸ ਕਾਰਵਾਈ ਦੌਰਾਨ ਪੁਲਿਸ ਨੇ ਸ਼ਰਾਬ ਦੇ ਨਿਰਮਾਣ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਵੀ ਜ਼ਬਤ ਕੀਤੀ, ਜਿਸ ਵਿੱਚ ਟੈਂਕੀਆਂ, ਡਰੰਮ ਅਤੇ ਚਾਲੂ ਭੱਠੀਆਂ ਸ਼ਾਮਲ ਹਨ। ਇਹ ਕਾਰਵਾਈ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦਾ ਹਿੱਸਾ ਹੈ।