ਨਵੀਂ ਦਿੱਲੀ : ਤੇਲੰਗਾਨਾ ਦੇ ਹੈਦਰਾਬਾਦ ਸਥਿਤ ਇੱਕ ਸ਼ੋਅਰੂਮ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਹੜਕੰਪ ਮਚ ਗਿਆ। ਅੱਗ ਦੀ ਲਪੇਟ ਵਿੱਚ ਆਉਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 7 ਲੋਕ ਬੁਰੀ ਤਰ੍ਹਾਂ ਝੁਲਸ ਗਏ ਹਨ। ਤੇਲੰਗਾਨਾ ਪੁਲਿਸ ਅਨੁਸਾਰ, ਇਹ ਅੱਗ ਸੋਮਵਾਰ ਦੇਰ ਰਾਤ ਦੋ-ਮੰਜ਼ਿਲਾ ਇਮਾਰਤ ਵਿੱਚ ਲੱਗੀ। ਇਸੇ ਬਿਲਡਿੰਗ ਵਿੱਚ ਇਲੈਕਟ੍ਰੋਨਿਕਸ ਦਾ ਸ਼ੋਅਰੂਮ ਵੀ ਮੌਜੂਦ ਸੀ। ਅੱਗ ਦੀਆਂ ਲਪਟਾਂ ਕੁਝ ਹੀ ਦੇਰ ਵਿੱਚ ਪੂਰੀ ਬਿਲਡਿੰਗ ਵਿੱਚ ਫੈਲ ਗਈਆਂ ਅਤੇ ਹਰ ਪਾਸੇ ਧਮਾਕਿਆਂ ਦੀ ਆਵਾਜ਼ ਸੁਣਾਈ ਦੇਣ ਲੱਗੀ। ਇਸ ਘਟਨਾ ਨਾਲ ਲੋਕ ਦਹਿਸ਼ਤ ਵਿੱਚ ਆ ਗਏ। ਅੱਗ ਇੰਨੀ ਭਿਆਨਕ ਸੀ ਕਿ ਸ਼ੋਅਰੂਮ ਦੇ ਬਾਹਰ ਪਾਰਕਿੰਗ ਵਿੱਚ ਖੜ੍ਹੀ ਕਾਰ ਵੀ ਸੜਨ ਲੱਗੀ। ਇਸ ਘਟਨਾ ਵਿੱਚ ਇੱਕ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ ਹੈ। ਉੱਥੇ ਹੀ, ਸ਼ੋਅਰੂਮ ਦੇ ਮਾਲਕ ਸਮੇਤ 7 ਲੋਕ ਗੰਭੀਰ ਰੂਪ ਵਿੱਚ ਝੁਲਸ ਗਏ ਹਨ। ਸਾਰਿਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਮੁਗਲਪੁਰਾ ਪੁਲਿਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਤੇ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਮੌਕੇ ‘ਤੇ ਪਹੁੰਚੀਆਂ। ਕੁਝ ਦੇਰ ਬਾਅਦ ਹੀ ਅੱਗ ‘ਤੇ ਕਾਬੂ ਪਾ ਲਿਆ ਗਿਆ। ਹਾਲਾਂਕਿ, ਇਸ ਅੱਗ ਵਿੱਚ ਸ਼ੋਅਰੂਮ ਕਾਫ਼ੀ ਹੱਦ ਤੱਕ ਸੜ ਕੇ ਰਾਖ ਹੋ ਗਿਆ ਹੈ।

ਕਿਵੇਂ ਲੱਗੀ ਅੱਗ?

ਹੈਦਰਾਬਾਦ ਸਾਊਥ ਜ਼ੋਨ ਦੇ ਡੀਸੀਪੀ ਕਿਰਨ ਪ੍ਰਭਾਕਰ ਅਨੁਸਾਰ, ਮੁੱਢਲੀ ਜਾਂਚ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਇਹ ਹਾਦਸਾ ਸੋਮਵਾਰ ਦੀ ਰਾਤ ਲਗਪਗ 10 ਵਜੇ ਦੇਖਣ ਨੂੰ ਮਿਲਿਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।