ਬਠਿੰਡਾ: ਸੀਆਈਏ ਸਟਾਫ-2 ਦੀ ਟੀਮ ਨੇ ਮੋਬਾਈਲ ਫੋਨ ਵੇਚਣ ਵਾਲੇ ਤਿੰਨ ਦੁਕਾਨਦਾਰਾਂ ਨੂੰ ਗ੍ਰਿਫ਼ਤਾਰ ਕਰ ਕੇ ਇਕ ਵੱਡੇ ਗੋਰਖਧੰਦੇ ਦਾ ਪਰਦਾਫ਼ਾਸ਼ ਕੀਤਾ ਹੈ। ਉਕਤ ਦੁਕਾਨਦਾਰ ਦਿੱਲੀ ਤੋਂ ਸਕ੍ਰੈਪ ਵਿਚ ਮੋਬਾਈਲ ਫੋਨ ਖ਼ਰੀਦਦੇ ਸਨ ਤੇ ਇਨ੍ਹਾਂ ਮੋਬਾਈਲਾਂ ਦੇ ਸਾਰੇ ਪਾਰਟਸ ਬਦਲ ਕੇ ਉਨ੍ਹਾਂ ’ਤੇ ਜਾਅਲੀ ਆਈਐੱਮਈਆਈ ਨੰਬਰ ਲਗਾ ਕੇ ਵੇਚਦੇ ਸਨ। ਕਾਬੂ ਕੀਤੇ ਮੁਲਜ਼ਮਾਂ ਕੋਲੋਂ 318 ਮੋਬਾਈਲ ਫੋਨ, 340 ਚਾਰਜਰ, 1100 ਮਦਰ ਬੋਰਡ ਅਤੇ 100 ਬੈਟਰੀਆਂ ਬਰਾਮਦ ਕੀਤੀਆਂ ਹਨ, ਜਿਸ ਤੋਂ ਬਾਅਦ ਪੁਲਿਸ ਨੇ ਥਾਣਾ ਸਿਵਲ ਲਾਈਨ ’ਚ ਸੋਹਨ ਲਾਲ ਵਾਸੀ ਅਜੀਤ ਰੋਡ ਗਲੀ ਨੰਬਰ 6 ਅਤੇ ਅਤੇ ਥਾਣਾ ਕੈਂਟ ਵਿਖੇ ਬਾਬਾ ਫ਼ਰੀਦ ਨਗਰ ਦੇ ਰਹਿਣ ਵਾਲੇ ਮੁਨੀਸ਼ ਕੁਮਾਰ, ਰਾਜਨ ਕੁਮਾਰ ਵਿਰੁੱਧ ਧੋਖਾਧੜੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

    ਸੀਆਈਏ ਸਟਾਫ-2 ਦੇ ਇੰਚਾਰਜ ਐੱਸਆਈ ਕਰਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ਹਿਰ ਦੇ ਅਜੀਤ ਰੋਡ ਅਤੇ ਬਾਬਾ ਫ਼ਰੀਦ ਨਗਰ ਵਿਚ ਮੋਬਾਈਲ ਫੋਨਾਂ ਦਾ ਕੰਮ ਕਰਨ ਵਾਲੇ ਮੁਲਜ਼ਮ ਸੋਹਣ ਲਾਲ, ਮੁਨੀਸ਼ ਕੁਮਾਰ ਤੇ ਰਾਜਨ ਕੁਮਾਰ ਦਿੱਲੀ ਤੋਂ ਵੱਡੀ ਮਾਤਰਾ ਵਿਚ ਸਕਰੈਪ ਵਿਚ ਮੋਬਾਈਲ ਖ਼ਰੀਦਦੇ ਹਨ ਅਤੇ ਜਾਅਲੀ ਆਈਐੱਮਈਆਈ ਨੰਬਰ ਲਗਾ ਕੇ ਅੱਗੇ ਵੇਚਦੇ ਹਨ। ਇਹ ਲੋਕ ਲੰਬੇ ਸਮੇਂ ਤੋਂ ਇਹ ਕਾਰੋਬਾਰ ਕਰ ਰਹੇ ਹਨ। ਐੱਸਆਈ ਕਰਨਦੀਪ ਸਿੰਘ ਨੇ ਦੱਸਿਆ ਕਿ ਸੂਚਨਾ ’ਤੇ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰ ਕੇ ਅਜੀਤ ਰੋਡ ਅਤੇ ਬਾਬਾ ਫ਼ਰੀਦ ਨਗਰ ਸਥਿਤ ਉਕਤ ਵਿਅਕਤੀਆਂ ਦੀਆਂ ਦੁਕਾਨਾਂ ’ਤੇ ਛਾਪੇਮਾਰੀ ਕੀਤੀ ਗਈ ਅਤੇ ਵੱਡੀ ਗਿਣਤੀ ’ਚ ਨਕਲੀ ਮੋਬਾਈਲ ਫੋਨ ਦੇ ਨਾਲ-ਨਾਲ ਉਸ ਦੇ ਪਾਰਟਸ ਤੇ ਸਾਮਾਨ ਬਰਾਮਦ ਕੀਤਾ ਗਿਆ।

    ਪੁਲਿਸ ਅਧਿਕਾਰੀਆਂ ਅਨੁਸਾਰ ਇਹ ਕੰਮ ਪੂਰੀ ਵਿਉਂਤਬੰਦੀ ਨਾਲ ਕੀਤਾ ਜਾਂਦਾ ਸੀ। ਇਹ ਲੋਕ ਮੋਬਾਈਲ ਫੋਨ ਨੂੰ ਨਵਾਂ ਬਣਾ ਕੇ ਵੇਚਣ ਲਈ ਇਸ ਦੇ ਡੱਬੇ ਖ਼ੁਦ ਤਿਆਰ ਕਰਦੇ ਸਨ। ਇਹ ਲੋਕ ਲੰਬੇ ਸਮੇਂ ਤੋਂ ਇਸ ਧੰਦੇ ਨੂੰ ਅੰਜਾਮ ਦੇ ਰਹੇ ਸਨ। ਹੁਣ ਤਕ ਇਹ ਲੋਕ ਹਜ਼ਾਰਾਂ ਨਕਲੀ ਮੋਬਾਈਲ ਬਣਾ ਕੇ ਵੇਚ ਚੁੱਕੇ ਹਨ। ਪੁਲਿਸ ਦਾ ਕਹਿਣਾ ਹੈ ਕਿ ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦਾ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਤਾਂ ਜੋ ਇਨ੍ਹਾਂ ਤੋਂ ਪੁੱਛ-ਪੜਤਾਲ ਕੀਤੀ ਜਾ ਸਕੇ ਕਿ ਇਨ੍ਹਾਂ ਦੇ ਗਿਰੋਹ ਵਿਚ ਹੋਰ ਕੌਣ-ਕੌਣ ਸ਼ਾਮਲ ਹਨ। ਪੁਲਿਸ ਅਨੁਸਾਰ ਇਸ ਮਾਮਲੇ ਵਿਚ ਦਿੱਲੀ ਦੇ ਉਨ੍ਹਾਂ ਦੁਕਾਨਦਾਰਾਂ ਨੂੰ ਵੀ ਨਾਮਜ਼ਦ ਕਰੇਗੀ, ਜਿਨ੍ਹਾਂ ਤੋਂ ਮੁਲਜਮ ਮੋਬਾਈਲ ਫੋਨ ਅਤੇ ਮੋਬਾਈਲ ਦੇ ਪਾਰਟਸ ਖ਼ਰੀਦਦੇ ਸਨ। ਪੁਲਿਸ ਇਹ ਵੀ ਪੜਤਾਲ ਕਰ ਰਹੀ ਹੈ ਕਿ ਹੋ ਸਕਦਾ ਹੈ ਕਿ ਉਕਤ ਦੁਕਾਨਦਾਰਾਂ ਨੇ ਇਹ ਫ਼ਰਜ਼ੀ ਆਈਐੱਮਈਆਈ ਨੰਬਰ ਵਾਲੇ ਫੋਨ ਗੈਂਗਸਟਰਾਂ ਨੂੰ ਸਪਲਾਈ ਕੀਤੇ ਹੋ ਸਕਦੇ ਹਨ।