Skip to content
ਨਾਭਾ ਵਿੱਚ ਇੱਕ ਪਰਿਵਾਰ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ ਵਿੱਚ ਬਦਲ ਗਈਆਂ, ਜਦੋਂ ਲੇਡੀਜ਼ ਸੰਗੀਤ ਤੋਂ ਵਾਪਸ ਪਰਤ ਰਹੇ ਲੋਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਫੋਰਚੂਨਰ ਗੱਡੀ ਅਤੇ ਟਰੱਕ ਦੇ ਦਰਮਿਆਨ ਜ਼ੋਰਦਾਰ ਟੱਕਰ ਹੋ ਗਈ, ਜਿਸ ਵਿੱਚ ਗੱਡੀ ਸਵਾਰ ਪਿਤਾ ਅਤੇ ਧੀ ਦੀ ਦਰਦਨਾਕ ਮੌਤ ਹੋ ਗਈ। ਹਾਦਸੇ ਵਿੱਚ ਪਰਿਵਾਰ ਦੇ ਕਈ ਮੈਂਬਰ ਜ਼ਖਮੀ ਹੋਏ ਹਨ। ਫੱਟੜ ਹੋਏ ਪਰਿਵਾਰਕ ਮੈਂਬਰ ਪਟਿਆਲਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਜੇਰੇ ਇਲਾਜ ਹਨ।
ਮਿਲੀ ਜਾਣਕਾਰੀ ਅਨੁਸਾਰ ਪਰਿਵਾਰ ਦੇਰ ਰਾਤ ਕਰੀਬ ਡੇਢ ਵਜੇ ਲੇਡੀਜ ਸੰਗੀਤ ਤੋਂ ਖੰਨਾ ਸ਼ਹਿਰ ਤੋਂ ਫੋਰਚੂਨਰ ਕਾਰ ਤੇ ਸਵਾਰ ਹੋ ਕੇ ਨਾਭਾ ਵਾਪਸ ਆ ਰਹੇ ਸੀ। ਨਾਭਾ ਰੋਹਟੀ ਪੁੱਲ ਦੇ ਨਜ਼ਦੀਕ ਟਰੱਕ, ਖਰਾਬ ਹਾਲਤ ਵਿੱਚ ਖੜਾ ਸੀ ਤਾਂ ਫੋਰਚੂਨਰ ਕਾਰ ਖੜੇ ਟਰੱਕ ਵਿੱਚ ਜਾ ਕੇ ਵੱਜੀ ਜਿਸ ਵਿੱਚ ਫੋਰਚੂਨਰ ਕਾਰ ਦੇ ਪਰਖੱਚੇ ਉੜ ਗਏ। ਕਾਰ ਵਿੱਚ ਕਰੀਬ 7 ਮੈਂਬਰ ਸਵਾਰ ਸਨ। ਜਿਸ ਵਿੱਚ ਕਿਲਾ ਰਾਏਪੁਰ ਡੇਹਲੋ ਦੇ ਰਹਿਣ ਵਾਲੇ ਜਗਪਾਲ ਸਿੰਘ ਉਮਰ ਕਰੀਬ 45 ਸਾਲ ਅਤੇ ਉਸਦੀ ਡੇਢ ਸਾਲਾਂ ਦੀ ਧੀ ਹਰਲੀਨ ਕੌਰ ਦੀ ਮੌਤ ਹੋ ਗਈ ਅਤੇ ਬਾਕੀ ਦੇ ਪਰਿਵਾਰਿਕ ਮੈਂਬਰਾਂ ਨੂੰ ਗੱਡੀ ਨੂੰ ਤੋੜ ਕੇ ਬਾਹਰ ਕੱਢਿਆ ਗਿਆ। ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਸ ਮੌਕੇ ਮ੍ਰਿਤਕ ਦੇ ਰਿਸ਼ਤੇਦਾਰ ਲਾਡੀ ਨੇ ਦੱਸਿਆ ਕਿ ਇਹ ਜਦੋਂ ਹਾਦਸਾ ਹੋਇਆ ਤਾਂ ਸਾਡਾ ਸਾਰਾ ਪਰਿਵਾਰ ਲੇਡੀਜ਼ ਸੰਗੀਤ ਤੋਂ ਵਾਪਸ ਆ ਰਿਹਾ ਸੀ ਤੇ ਅੱਜ ਵਿਆਹ ਸੀ। ਪਰ ਇਸ ਤੋਂ ਪਹਿਲਾਂ ਹੀ ਇਹ ਵੱਡਾ ਹਾਦਸਾ ਵਾਪਰ ਗਿਆ। ਜਿਸ ਵਿੱਚ ਮੇਰੇ ਜੀਜਾ ਜੀ ਅਤੇ ਮੇਰੀ ਭਾਣਜੀ ਦੀ ਮੌਤ ਹੋ ਗਈ ਅਤੇ ਹੋਰ ਪਰਿਵਾਰਕ ਮੈਂਬਰ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਜੋ ਕਿ ਪਟਿਆਲਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਜੇਰੇ ਇਲਾਜ ਹਨ। ਉਹਨਾਂ ਦੱਸਿਆ ਕਿ ਜੇਕਰ ਟਰੱਕ ਸਾਈਡ ਤੇ ਹੁੰਦਾ ਸ਼ਾਇਦ ਇਹ ਹਾਦਸਾ ਨਾ ਹੁੰਦਾ।
ਇਸ ਮੌਕੇ ਤੇ ਸੜਕ ਸੁਰੱਖਿਆ ਫੋਰਸ (ਐਸਐਸਐਫ) ਦੇ ਇਚਾਰਜ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਦੇਰ ਰਾਤ ਤਕਰੀਬਨ ਡੇਢ ਵਜੇ ਵਾਪਰਿਆ। ਫੋਰਚੂਨਰ ਗੱਡੀ ਅਤੇ ਟਰੱਕ ਦੇ ਨਾਲ ਗੱਡੀ ਦੀ ਟੱਕਰ ਹੋ ਗਈ। ਜਿਸ ਵਿੱਚ ਇੱਕ ਵਿਅਕਤੀ ਅਤੇ ਇੱਕ ਛੋਟੀ ਬੇਟੀ ਦੀ ਮੌਤ ਹੋ ਗਈ। ਇਹ ਹਾਦਸਾ ਬਹੁਤ ਹੀ ਭਿਆਨਕ ਸੀ। ਇਹ ਟਰੱਕ ਖਰਾਬ ਸੀ ਅਤੇ ਇਹ ਸੜਕ ਤੇ ਖੜਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਸ ਫੋਰਚੂਨਰ ਗੱਡੀ ਵਿੱਚ ਕਰੀਬ ਸੱਤ ਮੈਂਬਰ ਸਵਾਰ ਸਨ। ਜਿਨਾਂ ਨੂੰ ਸਾਡੇ ਮੁਲਾਜ਼ਮਾਂ ਵੱਲੋਂ ਗੱਡੀ ਨੂੰ ਤੋੜ ਕੇ ਪਰਿਵਾਰਿਕ ਮੈਂਬਰਾਂ ਨੂੰ ਬਾਹਰ ਕੱਢਿਆ ਗਿਆ।
Post Views: 2,049
Related