ਅਮਰੀਕੀ ਸੈਨੇਟ ਨੇ ਭਾਰਤੀ ਮੂਲ ਦੇ ਕਸ਼ ਪਟੇਲ ਦੀ ਐਫ਼ਬੀਆਈ ਡਾਇਰੈਕਟਰ ਦੇ ਅਹੁਦੇ ‘ਤੇ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੈਨੇਟ ‘ਚ ਹੋਈ ਵੋਟਿੰਗ ‘ਚ ਕਸ਼ ਪਟੇਲ ਨੂੰ ਫ਼ੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ. ਬੀ. ਆਈ.) ਦਾ ਅਗਲਾ ਡਾਇਰੈਕਟਰ ਬਣਾਉਣ ਦੇ ਪੱਖ ‘ਚ 51 ਵੋਟਾਂ ਪਈਆਂ, ਜਦਕਿ ਇਸ ਦੇ ਖ਼ਿਲਾਫ਼ 49 ਵੋਟਾਂ ਪਈਆਂ।

ਰਿਪਬਲਿਕਨ ਸੂਜ਼ਨ ਕੋਲਿਨਸ ਅਤੇ ਲੀਜ਼ਾ ਮੁਰਕੋਵਸਕੀ ਨੇ ਵੀ 47 ਡੈਮੋਕਰੇਟਸ ਦੇ ਨਾਲ ਪਟੇਲ ਦੀ ਨਿਯੁਕਤੀ ਦੇ ਖ਼ਿਲਾਫ਼ ਵੋਟ ਕੀਤਾ। ਟਰੰਪ ਨੇ ਪਿਛਲੇ ਸਾਲ ਚੋਣਾਂ ਜਿੱਤਣ ਤੋਂ ਬਾਅਦ ਹੀ ਐਫ਼ਬੀਆਈ ਦੀ ਜ਼ਿੰਮੇਵਾਰੀ ਪਟੇਲ ਨੂੰ ਸੌਂਪਣ ਦਾ ਐਲਾਨ ਕੀਤਾ ਸੀ। ਹੁਣ ਸੈਨੇਟ ਨੇ ਵੀ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਪਟੇਲ, ਜੋ ਕਿ ਭਾਰਤ ਦੇ ਗੁਜਰਾਤ ਦੇ ਰਹਿਣ ਵਾਲੇ ਹਨ, ਨੇ ਪਹਿਲਾਂ ਨਿਆਂ ਵਿਭਾਗ ਵਿੱਚ ਇੱਕ ਸੰਘੀ ਡਿਫੈਂਡਰ ਅਤੇ ਅਤਿਵਾਦ ਵਿਰੋਧੀ ਵਕੀਲ ਵਜੋਂ ਕੰਮ ਕੀਤਾ ਹੈ।
ਐਫ਼ਬੀਆਈ ਦੇ ਡਾਇਰੈਕਟਰ ਵਜੋਂ ਪਟੇਲ ਦਾ ਕਾਰਜਕਾਲ 10 ਸਾਲਾਂ ਦਾ ਹੋਵੇਗਾ। ਉਨ੍ਹਾਂ ਕ੍ਰਿਸਟੋਫਰ ਰੇਅ ਦੀ ਥਾਂ ਲਈ ਹੈ, ਜਿਸ ਨੇ ਟਰੰਪ ਦੇ ਦੁਬਾਰਾ ਅਹੁਦਾ ਸੰਭਾਲਣ ਤੋਂ ਪਹਿਲਾਂ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਡੋਨਾਲਡ ਟਰੰਪ ਦੇ ਕਰੀਬੀ ਮੰਨੇ ਜਾਂਦੇ ਪਟੇਲ ਅਜਿਹੇ ਸਮੇਂ ‘ਚ ਇਹ ਅਹੁਦਾ ਸੰਭਾਲਣਗੇ ਜਦੋਂ ਐੱਫਬੀਆਈ ‘ਚ ਗੜਬੜ ਹੈ।ਹਾਲ ਹੀ ਵਿੱਚ ਨਿਆਂ ਵਿਭਾਗ ਨੇ ਸੀਨੀਅਰ ਐਫ਼ਬੀਆਈ ਅਧਿਕਾਰੀਆਂ ਨੂੰ ਹਟਾ ਦਿੱਤਾ ਹੈ।