ਫਿ਼ਰੋਜ਼ਪੁਰ, ( ਜਤਿੰਦਰ ਪਿੰਕਲ ) ਹਲਕਾ ਜ਼ੀਰਾ ਦੇ ਪਿੰਡ ਵਾੜਾ ਵਰਿਆਮ ਸਿੰਘ ਵਾਲਾ ‘ਚ ਆਪਣੀ ਜੱਦੀ ਜ਼਼ਮੀਨ ਦੀ ਧੋਖਾਧੜੀ ਨਾਲ ਹੋਈ ਰਜਿਸਟਰੀ ਦਾ ਕੇਸ ਝਗੜ ਰਹੀ ਔਰਤ ਕਿਰਨਦੀਪ ਕੌਰ ਨੇ ਹਲਕਾ ਜ਼ੀਰਾ ਦੇ ਵਿਧਾਇਕ ਸਮੇਤ ਪੁਲਸ ਅਫਸਰਾਂ ਤੇ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਏ ਹਨ।
ਅੱਜ ਇਥੇ ਸਤਲੁਜ਼ ਪ੍ਰੈਸ ਕਲੱਬ ਫ਼ਿਰੋਜ਼ਪੁਰ ਵਿਖੇ ਪੁੱਜੀ ਉਕਤ ਪੀੜਤ ਔਰਤ ਨੇ ਦੋਸ਼ ਲਗਾਇਆ ਕਿ ਉਸ ਦੇ ਸਹੁਰਾ ਭੁਪਿੰਦਰ ਸਿੰਘ ਦੀ ਜ਼ਮੀਨ ‘ਤੇ ਉਹ ਬਤੌਰ ਮਾਲਕ ਵਾਹੀ ਕਰਦੇ ਆ ਰਹੇ ਹਨ ਅਤੇ ਲੰਬੇ ਅਰਸੇ ਤੋਂ ਇਹ ਜ਼ਮੀਨ ਉਨ੍ਹਾਂ ਦੇ ਕਬਜ਼ੇ ਵਿਚ ਹੈ। ਉਕਤ ਔਰਤ ਨੇ ਦੱਸਿਆ ਕਿ ਉਸ ਦੇ ਸਹੁਰੇ ਨੇ ਸਾਲ 2015 ਵਿਚ ਗਮਦੂਰ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਪਿੰਡ ਹਰਦਾਸਾ ਨੂੰ ਦੋ ਏਕੜ ਜ਼ਮੀਨ ਗਹਿਣੇ ਧਰੀ ਸੀ, ਪਰ ਕੁਝ ਸਮੇਂ ਬਾਅਦ ਉਸਦੀ ਰਕਮ ਵਾਪਸ ਕਰ ਦਿੱਤੀ। ਜਦੋਂ ਕਿ ਉਸ ਸਮੇਂ ਤੋਂ ਪਹਿਲਾਂ ਅਤੇ ਬਾਅਦ ਵਿਚ ਇਸ ਜ਼ਮੀਨ ਪਰ ਮੇਰਾ ਪਤੀ ਜਜਪ੍ਰੀਤ ਸਿੰਘ ਹੀ ਬਤੌਰ ਮਾਲਕ ਕਾਸ਼ਤ ਕਰਦਾ ਆ ਰਿਹਾ ਹੈ। ਪੀੜਤ ਕਿਰਨਦੀਪ ਕੌਰ ਨੇ ਦੋਸ਼ ਲਾਇਆ ਕਿ ਉਕਤ ਗਮਦੂਰ ਸਿੰਘ ਨੇ ਕਾਗਜ਼ਾਤ ਨਾਲ ਛੇੜਛਾੜ ਕਰਕੇ ਸਾਡੀ ਜ਼ਮੀਨ ਨੂੰ ਧੋਖੇ ਨਾਲ ਆਪਣੇ ਪਰਿਵਾਰਕ ਮੈਂਬਰਾਂ ਬਲਜੀਤ ਕੌਰ ਪਤਨੀ ਗਮਦੂਰ ਸਿੰਘ, ਸਤਪਾਲ ਕੌਰ ਪਤਨੀ ਗੁਰਸੇਵਕ ਸਿੰਘ, ਅਮਨਦੀਪ ਕੌਰ ਪਤਨੀ ਬਲਜੀਤ ਸਿੰਘ ਵਾਸੀਆਨ ਪਿੰਡ ਹਰਦਾਸਾ ਦੇ ਨਾਮ ਪਰ ਟਰਾਂਸਫਰ ਕਰਵਾ ਲਈ, ਜਿਸ ਦਾ ਪਤਾ ਲੱਗਣ ‘ਤੇ ਉਸਦੇ ਪਤੀ ਜਜਪ੍ਰੀਤ ਸਿੰਘ (ਜੋ ਕਿ ਹੁਣ ਕਨੇਡਾ ਰਹਿੰਦਾ ਹੈ) ਵੱਲੋਂ ਮਾਣਯੋਗ ਅਦਾਲਤ ਵਿਚ ਕੇਸ ਦਾਇਰ ਕਰ ਦਿੱਤਾ। ਉਸ ਨੇ ਦੱਸਿਆ ਕਿ ਅੱਜ ਤੱਕ ਜਮ੍ਹਾਂਬੰਦੀ ਦੇ ਮਾਲਕਾਨਾ ਖਾਨੇ ਵਿਚ ਸਾਡਾ ਨਾਮ ਦਰਜ ਹੈ ਅਤੇ ਇਸ ਬਾਬਤ ਵਿਰੋਧੀ ਧਿਰ ਵੱਲੋਂ ਸਾਡੇ ਉਕਤ ਕੇਸ ਨੂੰ ਬੰਦ ਕਰਨ ਲਈ 7, 11 ਦੀ ਐਪਲੀਕੇਸ਼ਨ ਲਗਾਈ ਸੀ, ਪਰ ਮਾਨਯੋਗ ਅਦਾਲਤ ਨੇ ਇਸ ਐਪਲੀਕੇਸ਼ਨ ਨੂੰ ਰੱਦ ਕਰ ਦਿੱਤਾ, ਜਿਸ ਦੇ ਚਲਦਿਆਂ ਉਕਤ ਲੋਕਾਂ ਨੇ ਹੁਣ ਸਿਆਸੀ ਸ਼ਹਿ ‘ਤੇ ਸਾਡੇ ਨਾਲ ਧੱਕੇਸ਼ਾਹੀ ਕਰਨ ਦੀਆਂ ਕੋਸਿ਼ਸ਼ਾਂ ਕੀਤੀਆਂ ਜਾ ਰਹੀਆਂ ਹਨ। ਉਕਤ ਪੀੜਤ ਕਿਰਨਦੀਪ ਕੌਰ ਨੇ ਦੱਸਿਆ ਕਿ ਉਕਤ ਲੋਕਾਂ ਤੋਂ ਡਰਦਾ ਹੋਇਆ ਉਸਦਾ ਪਤੀ ਵਿਦੇਸ਼ ਚਲਾ ਗਿਆ ਸੀ ਅਤੇ ਵਿਦੇਸ਼ ਜਾਣ ਤੋਂ ਪਹਿਲਾਂ ਕੇਸ ਝਗੜਣ ਦੇ ਸਾਰੇ ਅਧਿਕਾਰ ਉਸ ਨੂੰ ਦੇ ਕੇ ਗਿਆ ਸੀ, ਜਿਸ ਕਰਕੇ ਉਹ ਮਾਣਯੋਗ ਅਦਾਲਤ ਵਿਚ ਆਪਣੇ ਕੇਸ ਦੀ ਪੈਰਵਾਈ ਕਰ ਰਹੀ ਹੈ। ਉਕਤ ਔਰਤ ਨੇ ਦੱਸਿਆ ਕਿ ਇਸ ਜ਼ਮੀਨ ਪਰ ਸਾਡਾ ਹੀ ਕਬਜ਼ਾ ਹੈ ਅਤੇ ਅਸੀਂ ਹੀ ਇਸ ਪਰ ਕਾਸ਼ਤ ਕਰਦੇ ਆ ਰਹੇ ਹਨ ਅਤੇ ਜਦੋਂ ਦੀ ਮੁਰੱਬਾਬੰਦੀ ਹੋਈ ਹੈ, ਉਸ ਸਮੇਂ ਤੋਂ ਵੀ ਸਾਡਾ ਹੀ ਨਾਮ ਕਾਸ਼ਤਕਾਰ ਖਾਨੇ ਵਿਚ ਚਲਦਾ ਆ ਰਿਹਾ ਹੈ।
ਪੀੜਤ ਕਿਰਨਦੀਪ ਕੌਰ ਨੇ ਕਿਹਾ ਕਿ ਕਾਨੂੰਨੀ ਤਰੀਕਿਆਂ ਨਾਲ ਹਰੇਕ ਪਾਸਿਆ ਤੋਂ ਮੂੰਹ ਦੀ ਖਾਣ ਤੋਂ ਬਾਅਦ ਹੁਣ ਸਾਡੇ ਵਿਰੋਧੀਆਂ ਵੱਲੋਂ ਜ਼ੀਰਾ ਹਲਕੇ ਦੇ ਵਿਧਾਇਕ ਅਤੇ ਉਸਦੇ ਲੜਕੇ ਦੀ ਮਦਦ ਨਾਲ ਲੋਕਲ ਅਤੇ ਵੱਡੇ ਅਫਸਰ ਰੈਂਕ ਪੁਲਿਸ ਪ੍ਰਸ਼ਾਸਨ ਰਾਹੀਂ ਸਾਡੇ ਪਰ ਦਬਾਅ ਪਾਇਆ ਜਾ ਰਿਹਾ ਹੈ ਕਿ ਉਕਤ ਕੇਸ ਵਾਪਿਸ ਲਿਆ ਜਾਵੇ ਅਤੇ ਜਮੀਨ ਦਾ ਕਬਜ਼ਾ ਛੱਡ ਕੇ ਵਿਰੋਧੀ ਧਿਰ ਨੂੰ ਦਿੱਤਾ ਜਾਵੇ। ਪੁਲਿਸ ਪ੍ਰਸ਼ਾਸਨ ‘ਤੇ ਦੋਸ਼ ਲਗਾਉਂਦਿਆਂ ਉਕਤ ਔਰਤ ਨੇ ਕਿਹਾ ਕਿ ਇਸ ਵਿਚ ਮੁੱਖ ਤੌਰ “ਤੇ ਡੀ.ਐਸ.ਪੀ ਗੁਰਦੀਪ ਸਿੰਘ ਜ਼ੀਰਾ ਨੇ ਆਪਣੇ ਦਫਤਰ ਵਿਖੇ ਮੇਰੇ ਸਹੁਰੇ ਭੁਪਿੰਦਰ ਸਿੰਘ ਨੂੰ ਬੁਲਾ ਕੇ ਜ਼ਮੀਨ ਦਾ ਕਬਜ਼ਾ ਛੱਡਣ ਬਾਬਤ ਡਰਾਇਆ ਧਮਕਾਇਆ ਅਤੇ ਉਸ ਨੂੰ ਜਲੀਲ ਕੀਤਾ ਅਤੇ ਐਸ.ਐਚ.ਓ ਜਗਦੇਵ ਸਿੰਘ ਥਾਣਾ ਜ਼ੀਰਾ ਸਦਰ ਵੱਲੋਂ ਵੀ ਸਾਡੇ ਘਰ ਆ ਕੇ ਸਾਨੂੰ ਸਾਰੇ ਪਰਿਵਾਰਕ ਮੈਂਬਰਾਂ ਨੂੰ ਉਕਤ ਜਮੀਨ ਦਾ ਕਬਜ਼ਾ ਛੱਡਣ ਬਾਬਤ ਅਤੇ ਉਕਤ ਜਮੀਨ ਦੇ ਮੁਕੱਦਮੇ ਵਾਪਸ ਲੈਣ ਲਈ ਡਰਾਇਆ ਗਿਆ ਹੈ ਅਤੇ ਸਾਨੂੰ ਕਿਹਾ ਗਿਆ ਹੈ ਕਿ ਜੇਕਰ ਉਕਤ ਮੁਕੱਦਮੇ ਵਾਪਸ ਨਹੀਂ ਲਏ ਅਤੇ ਜਮੀਨ ਦਾ ਕਬਜ਼ਾ ਨਹੀਂ ਛੱਡਿਆ ਤਾਂ ਤੁਹਾਡੇ ਪਰਿਵਾਰਕ ਮੈਂਬਰਾਂ ਤੇ ਝੂਠੇ ਮੁਕੱਦਮੇ ਦਰਜ ਕੀਤੇ ਜਾਣਗੇ। ਉਕਤ ਔਰਤ ਨੇ ਕਿਹਾ ਕਿ ਇਸ ਤੋਂ ਇਲਾਵਾ ਉਕਤ ਵਿਧਾਇਕ ਅਤੇ ਉਸਦੇ ਲੜਕੇ ਵੱਲੋਂ ਸਾਡੇ ਘਰ ਹਥਿਆਰਾਂ ਨਾਲ ਲੈਸ ਗੁੰਡੇ—ਬਦਮਾਸ਼ ਭੇਜ਼ ਕੇ ਸਾਨੂੰ ਡਰਾਇਆ ਧਮਕਾਇਆ ਗਿਆ ਹੈ, ਜਿਸ ਬਾਬਤ ਜਦੋਂ ਲੋਕਲ ਪੁਲਿਸ ਨੂੰ ਇਸ ਦੀ ਇਤਲਾਹ ਦਿੱਤੀ ਤਾਂ ਉਹ ਵੀ ਉਲਟਾ ਸਾਨੂੰ ਹੀ ਮਾੜਾ ਬੋਲਦੇ ਹਨ ਅਤੇ ਡਰਾਉਂਦੇ ਹਨ। ਭਾਵੁਕ ਹੁੰਦਿਆਂ ਪੀੜਤ ਕਿਰਨਦੀਪ ਕੌਰ ਨੇ ਕਿਹਾ ਕਿ ਮੈਂ ਆਪਣੇ ਅੱਠ ਮਹੀਨਿਆਂ ਦੀ ਲੜਕੀ ਨਾਲ ਆਪਣੇ ਬਜ਼ੁਰਗ ਸਹੁਰੇ ਪਰਿਵਾਰ ਵਿਚ ਵਸ ਰਹੀ ਹਾਂ ਅਤੇ ਮੈਂ ਇਕਲੀ ਔਰਤ ਉਕਤਾਨ ਦਾ ਸਾਹਮਣਾ ਕਰ ਰਹੀ ਹਾਂ। ਗੈਰ ਕਾਨੂੰਨੀ ਤਰੀਕੇ ਵਰਤ ਕੇ ਮੈਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ, ਜਿਸ ਕਾਰਨ ਮੈਨੂੰ ਅਤੇ ਮੇਰੇ ਸਾਰੇ ਪਰਿਵਾਰ ਵਿਚ ਹਰ ਸਮੇਂ ਡਰ ਤੇ ਸਹਿਮ ਦਾ ਮਾਹੌਲ ਬਣਿਆ ਰਹਿੰਦਿਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸਾਡਾ ਮਾਮਲਾ ਮਾਣਯੋਗ ਅਦਾਲਤ ਵਿਚ ਚੱਲ ਰਿਹਾ ਹੈ ਤਾਂ ਸਾਨੂੰ ਪੁਲਿਸ ਪ੍ਰਸ਼ਾਸਨ ਬੁਲਾ ਕੇ ਤੰਗ—ਪ੍ਰੇਸ਼ਾਨ ਕਿਉਂ ਕਰਦੀ ਹੈ ਅਤੇ ਸਾਡੀ ਇਹੀ ਮੰਗ ਹੈ ਕਿ ਸਾਡਾ ਮਾਮਲਾ ਮਾਣਯੋਗ ਅਦਾਲਤ ਵਿਚ ਹੀ ਚਲਦਾ ਰਹੇ ਤਾਂ ਜ਼ੋ ਸਾਡੇ ਨਾਲ ਇਨਸਾਫ ਹੋ ਸਕੇ।
ਇਸ ਸਬੰਧੀ ਜਦੋਂ ਵਿਧਾਇਕ ਜ਼ੀਰਾ ਨਰੇਸ਼ ਕਟਾਰੀਆ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਮੇਰਾ ਅਜਿਹੇ ਕਿਸੇ ਮਾਮਲੇ ਵਿਚ ਕੋਈ ਲਾਗਾ—ਤਾਗਾ ਨਹੀਂ ਅਤੇ ਨਾ ਹੀ ਮੈਂ ਅਜਿਹੇ ਕਿਸੇ ਕੇਸ ਤੋਂ ਜਾਣੂ ਹਾਂ। ਡੀ.ਐਸ.ਪੀ ਜ਼ੀਰਾ ਗੁਰਦੀਪ ਸਿੰਘ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਅਨੇਕਾਂ ਵਾਰ ਬੁਲਾਇਆ ਗਿਆ, ਪਰ ਉਕਤ ਧਿਰ ਨੇ ਕੋਈ ਵੀ ਕਾਗਜ਼ਾਤ ਨਹੀਂ ਦਿਖਾਇਆ, ਜਦੋਂ ਕਿ ਦੂਸਰੀ ਧਿਰ ਆਪਣੇ ਮਾਲਕਾਨਾ ਕਾਗਜ਼ਾਤ ਦਿਖਾ ਰਹੇ ਹਨ। ਇਸ ਸਬੰਧੀ ਐਸ.ਐਚ.ਓ ਥਾਣਾ ਸਦਰ ਜ਼ੀਰਾ ਗੁਰਦੇਵ ਸਿੰਘ ਦਾ ਕਹਿਣਾ ਹੈ ਕਿ ਮਾਮਲਾ ਧਿਆਨ ਵਿਚ ਆਉਣ ਦੀ ਸੂਰਤ ਵਿਚ ਦੋਵਾਂ ਧਿਰਾਂ ਨੂੰ ਬੁਲਾਇਆ ਗਿਆ, ਇਥੋਂ ਤੱਕ ਕਿ ਡੀ.ਐਸ.ਪੀ ਸਾਹਿਬ ਦੇ ਦਫਤਰ ਵੀ ਬੁਲਾਇਆ ਗਿਆ, ਜਿਥੇ ਇਹ ਔਰਤ ਅਤੇ ਉਸਦੇ ਪਰਿਵਾਰਕ ਮੈਂਬਰ ਕੋਈ ਵੀ ਕਾਗਜ਼ਾਤ ਨਹੀਂ ਦਿਖਾ ਸਕੀਆਂ।