ਸਾਲ 2024 ਦੀ ਵਿਸ਼ਵ ਖੁਸ਼ਹਾਲੀ ਰੀਪੋਰਟ ਆ ਗਈ ਹੈ। ਇਸ ਵਿਚ ਫਿਨਲੈਂਡ ਲਗਾਤਾਰ ਸੱਤਵੇਂ ਸਾਲ ਫਿਰ ਤੋਂ ਸੱਭ ਤੋਂ ਖੁਸ਼ਹਾਲ ਦੇਸ਼ ਬਣ ਗਿਆ ਹੈ। ਦੂਜੇ ਪਾਸੇ ਇਸ ਸੂਚੀ ‘ਚ ਸ਼ਾਮਲ 143 ਦੇਸ਼ਾਂ ‘ਚੋਂ ਭਾਰਤ ਨੂੰ 126ਵਾਂ ਸਥਾਨ ਮਿਲਿਆ ਹੈ। ਸਾਲਾਨਾ ਵਿਸ਼ਵ ਖੁਸ਼ਹਾਲੀ ਰੀਪੋਰਟ ਸਮਾਜਿਕ ਸਹਿਯੋਗ, ਆਮਦਨ, ਸਿਹਤ, ਆਜ਼ਾਦੀ, ਉਦਾਰਤਾ ਅਤੇ ਭ੍ਰਿਸ਼ਟਾਚਾਰ ਮੁਕਤ ਵਾਤਾਵਰਣ ਵਰਗੇ ਕਾਰਕਾਂ ਦੇ ਆਧਾਰ ‘ਤੇ ਦੁਨੀਆ ਭਰ ਦੇ 140 ਤੋਂ ਵੱਧ ਦੇਸ਼ਾਂ ਦੀ ਰੈਂਕਿੰਗ ਕਰਦੀ ਹੈ। ਇਸ ਦੇ ਲਈ ਗੈਲਪ ਵਰਲਡ ਪੋਲ ਸਮੇਤ ਕਈ ਥਾਵਾਂ ਤੋਂ ਡਾਟਾ ਇਕੱਠਾ ਕੀਤਾ ਜਾਂਦਾ ਹੈ।

    ਇਹ ਰੀਪੋਰਟ ਹਰ ਸਾਲ 20 ਮਾਰਚ ਨੂੰ ਮਨਾਏ ਜਾਣ ਵਾਲੇ ਅੰਤਰਰਾਸ਼ਟਰੀ ਖੁਸ਼ੀ ਦਿਵਸ ਦੇ ਮੌਕੇ ‘ਤੇ ਪ੍ਰਕਾਸ਼ਿਤ ਕੀਤੀ ਜਾਂਦੀ ਹੈ। ਇਸ ਰੀਪੋਰਟ ਨੂੰ ਤਿਆਰ ਕਰਨ ਵਿਚ ਸੰਯੁਕਤ ਰਾਸ਼ਟਰ ਸਸਟੇਨੇਬਲ ਡਿਵੈਲਪਮੈਂਟ ਸੋਲਿਊਸ਼ਨ ਨੈੱਟਵਰਕ, ਗੈਲਪ ਅਤੇ ਆਕਸਫੋਰਡ ਵੈਲਬਿੰਗ ਰਿਸਰਚ ਸੈਂਟਰ ਦਾ ਸਹਿਯੋਗ ਲਿਆ ਜਾਂਦਾ ਹੈ।

     

    126ਵੇਂ ਸਥਾਨ ਤੇ ਭਾਰਤ

    ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਖੁਸ਼ਹਾਲੀ ਦੀ ਰੈਂਕਿੰਗ ‘ਚ ਭਾਰਤ 126ਵੇਂ ਸਥਾਨ ‘ਤੇ ਹੈ। ਖਾਸ ਗੱਲ ਇਹ ਹੈ ਕਿ ਗੁਆਂਢੀ ਦੇਸ਼ਾਂ ‘ਚੋਂ ਚੀਨ ਇਸ ਸੂਚੀ ‘ਚ 60ਵੇਂ ਸਥਾਨ ‘ਤੇ ਹੈ, ਜਦਕਿ ਨੇਪਾਲ 93ਵੇਂ ਸਥਾਨ ‘ਤੇ ਹੈ। ਪਾਕਿਸਤਾਨ ਦਾ ਨੰਬਰ 108ਵਾਂ ਅਤੇ ਮਿਆਂਮਾਰ ਦਾ ਨੰਬਰ 118ਵਾਂ ਹੈ। ਗੁਆਂਢੀ ਦੇਸ਼ਾਂ ‘ਚ ਸ਼੍ਰੀਲੰਕਾ 128ਵੇਂ ਅਤੇ ਬੰਗਲਾਦੇਸ਼ 129ਵੇਂ ਸਥਾਨ ‘ਤੇ ਭਾਰਤ ਤੋਂ ਪਿੱਛੇ ਹਨ।

    ਨੌਰਡਿਕ ਦੇਸ਼ ਸੱਭ ਤੋਂ ਜ਼ਿਆਦਾ ਖੁਸ਼ਹਾਲ

    ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਖੁਸ਼ਹਾਲੀ ਦੀ ਸੂਚੀ ‘ਚ ਨੌਰਡਿਕ ਦੇਸ਼ ਚੋਟੀ ‘ਤੇ ਬਣੇ ਹੋਏ ਹਨ। ਨੌਰਡਿਕ ਦੇਸ਼ਾਂ ਵਿਚ ਸਵੀਡਨ, ਨਾਰਵੇ, ਫਿਨਲੈਂਡ, ਡੈਨਮਾਰਕ ਅਤੇ ਆਈਸਲੈਂਡ ਆਦਿ ਸ਼ਾਮਲ ਹਨ। ਪਿਛਲੇ ਸਾਲ ਦੀ ਤਰ੍ਹਾਂ ਡੈਨਮਾਰਕ ਅਤੇ ਆਈਸਲੈਂਡ ਨੇ ਸੂਚੀ ਵਿਚ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ ਹੈ। ਸਵੀਡਨ ਚੌਥੇ ਨੰਬਰ ‘ਤੇ ਹੈ। ਖਾਸ ਗੱਲ ਇਹ ਹੈ ਕਿ ਕੋਸਟਾ ਰੀਕਾ ਅਤੇ ਲਿਥੁਆਨੀਆ ਪਹਿਲੀ ਵਾਰ ਟਾਪ 20 ਦੇਸ਼ਾਂ ‘ਚ ਜਗ੍ਹਾ ਬਣਾਉਣ ‘ਚ ਕਾਮਯਾਬ ਹੋਏ ਹਨ। ਕੋਸਟਾ ਰੀਕਾ 12ਵੇਂ ਅਤੇ ਲਿਥੁਆਨੀਆ 19ਵੇਂ ਸਥਾਨ ‘ਤੇ ਹੈ। ਖਾਸ ਗੱਲ ਇਹ ਹੈ ਕਿ ਭਿਆਨਕ ਯੁੱਧ ‘ਚ ਘਿਰਿਆ ਇਜ਼ਰਾਈਲ ਇਸ ਸੂਚੀ ‘ਚ 5ਵੇਂ ਨੰਬਰ ‘ਤੇ ਹੈ।

     

    ਆਖਰੀ ਸਥਾਨ ਤੇ ਰਿਹਾ ਅਫਗਾਨਿਸਤਾਨ

    ਇਸ ਸਾਲ ਵੀ ਅਫਗਾਨਿਸਤਾਨ ਖੁਸ਼ੀ ਦੀ ਰੈਂਕਿੰਗ ‘ਚ ਸੱਭ ਤੋਂ ਹੇਠਲੇ ਸਥਾਨ ‘ਤੇ ਹੈ। ਇਸ ਦਾ ਮਤਲਬ ਹੈ ਕਿ ਇਹ ਦੇਸ਼ ਪੂਰੀ ਦੁਨੀਆ ਵਿਚ ਸੱਭ ਤੋਂ ਘੱਟ ਖੁਸ਼ਹਾਲ ਹੈ। ਇਸ ਤੋਂ ਉੱਪਰ ਲੇਬਨਾਨ, ਲੇਸੋਥੋ, ਸਿਏਰਾ ਲਿਓਨ ਅਤੇ ਕਾਂਗੋ ਵਰਗੇ ਦੇਸ਼ ਹਨ, ਜੋ ਬਹੁਤ ਘੱਟ ਖੁਸ਼ ਹਨ।

    ਰੀਪੋਰਟ ਵੱਖ-ਵੱਖ ਉਮਰ ਵਰਗਾਂ ਦੇ ਲੋਕਾਂ ਵਿਚ ਖੁਸ਼ਹਾਲੀ ਦੇ ਰੁਝਾਨ ਨੂੰ ਵੀ ਦਰਸਾਉਂਦੀ ਹੈ। ਜਿਥੇ ਲਿਥੁਆਨੀਆ 30 ਤੋਂ ਘੱਟ ਉਮਰ ਵਰਗ ਵਿਚ ਸੱਭ ਤੋਂ ਖੁਸ਼ਹਾਲ ਦੇਸ਼ ਵਜੋਂ ਉਭਰਿਆ ਹੈ, ਉਥੇ ਹੀ ਡੈਨਮਾਰਕ 60 ਤੋਂ ਵੱਧ ਉਮਰ ਵਰਗ ਵਿਚ ਸੱਭ ਤੋਂ ਉੱਪਰ ਹੈ। ਦਿਲਚਸਪ ਗੱਲ ਇਹ ਹੈ ਕਿ ਉਮਰ ਦੇ ਹਿਸਾਬ ਨਾਲ ਖੁਸ਼ੀ ਦੀ ਅਵਸਥਾ ਵਿਚ ਵੱਡਾ ਬਦਲਾਅ ਆਉਂਦਾ ਹੈ। ਨਾਰਵੇ, ਸਵੀਡਨ, ਜਰਮਨੀ, ਫਰਾਂਸ, ਬ੍ਰਿਟੇਨ ਅਤੇ ਸਪੇਨ ਵਰਗੇ ਦੇਸ਼ਾਂ ਵਿਚ ਬਜ਼ੁਰਗ ਲੋਕ ਜ਼ਿਆਦਾ ਖੁਸ਼ ਅਤੇ ਜਦਕਿ ਪੁਰਤਗਾਲ ਅਤੇ ਗ੍ਰੀਸ ਵਿਚ ਇਸ ਉਮਰ ਵਰਗ ਦੇ ਲੋਕ ਜ਼ਿਆਦਾ ਖੁਸ਼ ਨਹੀਂ ਹਨ।

    ਇਸ ਸੂਚੀ ਤੋਂ ਜੋ ਹੈਰਾਨੀਜਨਕ ਗੱਲ ਸਾਹਮਣੇ ਆਉਂਦੀ ਹੈ, ਉਹ ਇਹ ਹੈ ਕਿ ਖਾਸ ਕਰਕੇ ਉੱਤਰੀ ਅਮਰੀਕਾ ਅਤੇ ਪੱਛਮੀ ਯੂਰਪ ਵਿਚ ਬੱਚਿਆਂ ਵਿਚ ਖੁਸ਼ੀ ਦਾ ਪੱਧਰ ਘਟਦਾ ਜਾ ਰਿਹਾ ਹੈ। ਆਕਸਫੋਰਡ ਵੈਲਬਿੰਗ ਰਿਸਰਚ ਸੈਂਟਰ ਦੇ ਪ੍ਰੋ. ਜੀਨ-ਇਮੈਨੁਅਲ ਡੀ ਨੇਵ ਇਸ ਗੱਲ ‘ਤੇ ਜ਼ੋਰ ਦਿੰਦੇ ਹਨ ਕਿ ਬੱਚਿਆਂ ਵਿਚ ਤੰਦਰੁਸਤੀ ਦੇ ਡਿੱਗਦੇ ਪੱਧਰਾਂ ਨਾਲ ਨਜਿੱਠਣ ਲਈ ਨੀਤੀਆਂ ਬਣਾਉਣ ਦੀ ਸਖ਼ਤ ਲੋੜ ਹੈ।