ਦਿੱਲੀ-ਗੁਰੂਗ੍ਰਾਮ ਐਕਸਪ੍ਰੈੱਸ-ਵੇਅ ’ਤੇ ਗੂਗਲ ਦਫ਼ਤਰ ਦੇ ਸਾਹਮਣੇ ਬੁੱਧਵਾਰ ਰਾਤ ਕਰੀਬ ਅੱਠ ਵਜੇ ਸਲੀਪਰ ਬੱਸ ਨੂੰ ਅੱਗ ਲੱਗ ਗਈ। ਇਸ ਨਾਲ ਦੋ ਯਾਤਰੀਆਂ ਦੀ ਮੌਤ ਹੋ ਗਈ, ਜਦਕਿ 15 ਗੰਭੀਰ ਰੂਪ ’ਚ ਝੁਲਸ ਗਏ। ਮਰਨ ਵਾਲਿਆਂ ’ਚ ਇਕ ਬੱਚੀ ਤੇ ਇਕ ਮਹਿਲਾ ਸ਼ਾਮਿਲ ਹੈ। ਕਾਮਿਆਂ ਨਾਲ ਭਰੀ ਇਹ ਬੱਸ ਗੁਰੂਗ੍ਰਾਮ ਤੋਂ ਯੂਪੀ ਦੇ ਹਮੀਰਪੁਰ ਜਾ ਰਹੀ ਸੀ। ਪੁਲਿਸ ਮੁਤਾਬਕ ਬੱਸ ’ਚ ਕੁਝ ਗੈਸ ਸਿਲੰਡਰ ਰੱਖੇ ਹੋਏ ਸਨ, ਜਿਨ੍ਹਾਂ ’ਚੋਂ ਇਕ ਸਿਲੰਡਰ ਤੋਂ ਗੈਸ ਲੀਕ ਹੋਣ ਕਾਰਨ ਅੱਗ ਲੱਗਣ ਦਾ ਖ਼ਦਸ਼ਾ ਹੈ। ਯਾਤਰੀ ਜਦੋਂ ਤੱਕ ਕੁਝ ਸਮਝ ਸਕਦੇ, ਅੱਗ ਨੇ ਖ਼ਤਰਨਾਕ ਰੂਪ ਲੈ ਲਿਆ। ਅੱਗ ਨਾਲ ਘਿਰੀ ਬੱਸ ’ਚ ਫਸੇ ਯਾਤਰੀਆਂ ਨੂੰ ਕੱਢਣ ਲਈ ਪੁਲਿਸ ਤੇ ਰਾਹਗੀਰਾਂ ਨੇ ਵੀ ਮਦਦ ਕੀਤੀ। ਹਾਦਸੇ ਮਗਰੋਂ ਬੱਸ ਦਾ ਡਰਾਈਵਰ ਤੇ ਸਹਿ ਚਾਲਕ ਫ਼ਰਾਰ ਹੋ ਗਏ।
