ਅਮਰੀਕਾ ਵਿਚ ਵ੍ਹਾਈਟ ਹਾਊਸ ਨੇੜੇ ਫਾਇਰਿੰਗ ਹੋਣ ਦੀ ਖਬਰ ਹੈ। ਇਸ ਗੋਲੀਬਾਰੀ ਵਿਚ ਘੱਟੋ-ਘੱਟ 3 ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਵਿਚੋਂ 2 ਨੈਸ਼ਨਲ ਗਾਰਡ ਦੇ ਮੈਂਬਰ ਹਨ। ਇਹ ਘਟਨਾ ਸਥਾਨਕ ਸਮੇਂ ਮੁਤਾਬਕ 2.39 ਵਜੇ ਹੋਈ। ਜ਼ਖਮੀ ਹੋਏ ਨੈਸ਼ਨਲ ਗਾਰਡ ਦੇ ਦੋਵੇਂ ਜਵਾਨਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਭਰਤੀ ਕਰਾਇਆ ਗਿਆ ਹੈ। ਪੁਲਿਸ ਦੀ ਜਵਾਬੀ ਕਾਰਵਾਈ ‘ਚ ਸ਼ੱਕੀ ਵੀ ਜ਼ਖਮੀ ਹੋ ਗਿਆ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਘਟਨਾ ਦੇ ਬਾਅਦ ਇਲਾਕੇ ਵਿਚ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਤੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਸੜਕਾਂ ਬੰਦ ਕਰ ਦਿੱਤੀਆਂ ਗਈਆਂ। ਕਈ ਪੁਲਿਸ ਗੱਡੀਆਂ ਤੇ ਐਂਬੂਲੈਂਸ ਮੌਕੇ ‘ਤੇ ਪਹੁੰਚੀ ਤੇ ਜਾਂਚ ਟੀਮਾਂ ਸਰਗਰਮ ਹੋ ਗਈਆਂ। ਦੂਜੇ ਪਾਸੇ ਮੌਜੂਦ ਲੋਕਾਂ ਨੇ ਦੱਸਿਆ ਕਿ ਕੁਝ ਹੀ ਮਿੰਟਾਂ ਵਿਚ ਸੁਰੱਖਿਆ ਦਾ ਵੱਡਾ ਘੇਰਾ ਬਣਾ ਦਿੱਤਾ ਗਿਆ ਤੇ ਕਿਸੇ ਨੂੰ ਵੀ ਕੋਲ ਜਾਣ ਦੀ ਇਜਾਜ਼ਤ ਨਹੀਂ ਸੀ। FBI ਦੀ ਵਾਸ਼ਿੰਗਟਨ ਫੀਲਡ ਆਫਿਸ ਨੇ ਕਿਹਾ ਕਿ ਉਹ ਵਾਸ਼ਿੰਗਟਨ ਡੀਸੀ ਵਿਚ 2 ਨੈਸ਼ਨਲ ਗਾਰਡ ਮੈਂਬਰਾਂ ‘ਤੇ ਹੋਈ ਫਾਇਰਿੰਗ ਦੀ ਜਾਂਚ ਲਈ ਸਥਾਨਕ ਕਾਨੂੰਨ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ। ਜਾਂਚ ਜਾਰੀ ਹੋਣ ਦੀ ਵਜ੍ਹਾ ਤੋਂ ਉਹ ਇਸ ਸਮੇਂ ਕੋਈ ਵਾਧੂ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ। ਅਧਿਕਾਰੀਆਂ ਨੇ ਅਜੇ ਤੱਕ ਇਹ ਨਹੀਂ ਦੱਸਿਆ ਕਿ ਫਾਇਰਿੰਗ ਕਿਉਂ ਹੋਈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਅਫਗਾਨਿਸਤਾਨ ਦਾ ਨਾਗਰਿਕ ਹੈ। ਸ਼ੱਕੀ ਦਾ ਨਾਂ ਰਹਮਾਨੁੱਲਾਹ ਲਾਕਨਵਾਲ ਦੱਸਿਆ ਜਾ ਰਿਹਾ ਹੈ। ਸ਼ੁਰੂਆਤੀ ਜਾਂਚ ਵਿਚ ਸਾਹਣੇ ਆਇਆ ਹੈ ਕਿ 2021 ਵਿਚ USCIS ਨੇ ਅਫਗਾਨ ਨਾਗਰਿਕਾਂ ਲਈ ‘ਆਪ੍ਰੇਸ਼ਨ ਅਲਾਇਜ ਵੈਲਕਮ’ ਤਹਿਤ ਅਸਾਈਲਮ ਅਰਜ਼ੀਆਂ ਦੀ ਪ੍ਰਕਿਰਿਆ ਤੇਜ਼ ਕੀਤੀ ਸੀ ਤੇ ਲਾਕਨਵਾਲ ਨੇ ਵੀ ਇਸੇ ਪ੍ਰੋਗਰਾਮ ਦਾ ਇਸਤੇਮਾਲ ਕਰਕੇ ਅਮਰੀਕਾ ਵਿਚ ਪ੍ਰਵੇਸ਼ ਕੀਤਾ ਸੀ। ਦੂਜੇ ਪਾਸੇ ਇਸ ਮਾਮਲੇ ਵਿਚ FBI ਅੱਤਵਾਦੀ ਹਮਲੇ ਦੀ ਤਰ੍ਹਾਂ ਜਾਂਚ ਕਰੇਗੀ।