ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜੀਜੂ ਨੇ ਬੁੱਧਵਾਰ ਨੂੰ ਕਿਹਾ ਕਿ 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ 24 ਜੂਨ ਤੋਂ ਸ਼ੁਰੂ ਹੋਵੇਗਾ, ਜਿਸ ‘ਚ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ। ਸੈਸ਼ਨ ਦੇ ਪਹਿਲੇ ਤਿੰਨ ਦਿਨਾਂ ਦੌਰਾਨ ਨਵੇਂ ਚੁਣੇ ਗਏ ਮੈਂਬਰ ਸਹੁੰ ਚੁੱਕਣਗੇ ਅਤੇ ਸਦਨ ਦੇ ਸਪੀਕਰ ਦੀ ਚੋਣ ਕੀਤੀ ਜਾਵੇਗੀ। ਇਹ ਸੈਸ਼ਨ 3 ਜੁਲਾਈ ਨੂੰ ਸਮਾਪਤ ਹੋਵੇਗਾ।
ਰਾਸ਼ਟਰਪਤੀ ਦ੍ਰੌਪਦੀ ਮੁਰਮੂ 27 ਜੂਨ ਨੂੰ ਲੋਕ ਸਭਾ ਅਤੇ ਰਾਜ ਸਭਾ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ ਅਤੇ ਅਗਲੇ ਪੰਜ ਸਾਲਾਂ ਲਈ ਨਵੀਂ ਸਰਕਾਰ ਦੇ ਕੰਮਕਾਜ ਦੀ ਰੂਪ ਰੇਖਾ ਤਿਆਰ ਕਰਨਗੇ। ਰਿਜਿਜੂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇਕ ਪੋਸਟ ‘ਚ ਕਿਹਾ ਕਿ 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ 24 ਜੂਨ 2024 ਤੋਂ 3 ਜੁਲਾਈ 2024 ਤਕ ਨਵੇਂ ਚੁਣੇ ਗਏ ਮੈਂਬਰਾਂ ਦੀ ਸਹੁੰ ਚੁੱਕਣ, ਸਪੀਕਰ ਦੀ ਚੋਣ, ਰਾਸ਼ਟਰਪਤੀ ਦੇ ਭਾਸ਼ਣ ਅਤੇ ਇਸ ‘ਤੇ ਚਰਚਾ ਲਈ ਸੱਦਿਆ ਜਾ ਰਿਹਾ ਹੈ। ’’
ਉਨ੍ਹਾਂ ਕਿਹਾ ਕਿ ਰਾਜ ਸਭਾ ਦਾ 264ਵਾਂ ਸੈਸ਼ਨ 27 ਜੂਨ ਤੋਂ ਸ਼ੁਰੂ ਹੋ ਕੇ 3 ਜੁਲਾਈ ਤਕ ਚੱਲੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਮੋਦੀ 27 ਜੂਨ ਨੂੰ ਰਾਸ਼ਟਰਪਤੀ ਦੇ ਭਾਸ਼ਣ ਤੋਂ ਬਾਅਦ ਸੰਸਦ ਵਿਚ ਅਪਣੇ ਮੰਤਰੀ ਮੰਡਲ ਦੇ ਮੈਂਬਰਾਂ ਦੀ ਜਾਣ-ਪਛਾਣ ਕਰਵਾਉਣਗੇ।
ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਪ੍ਰਸਤਾਵ ‘ਤੇ ਚਰਚਾ ਦੌਰਾਨ ਹਮਲਾਵਰ ਵਿਰੋਧੀ ਧਿਰ ਵੱਖ-ਵੱਖ ਮੁੱਦਿਆਂ ‘ਤੇ ਰਾਸ਼ਟਰੀ ਲੋਕਤੰਤਰੀ ਗਠਜੋੜ (ਐਨਡੀਏ) ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰ ਸਕਦੀ ਹੈ। ਪ੍ਰਧਾਨ ਮੰਤਰੀ ਸੰਸਦ ਦੇ ਦੋਵਾਂ ਸਦਨਾਂ ਵਿਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਪ੍ਰਸਤਾਵ ‘ਤੇ ਬਹਿਸ ਦਾ ਜਵਾਬ ਦੇਣਗੇ।