ਰੂਸ ਦੇ ਦੌਰੇ ‘ਤੇ ਗਏ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਹਾਂ ਨੇਤਾਵਾਂ ਨੇ ਕਈ ਅਹਿਮ ਮੁੱਦਿਆਂ ‘ਤੇ ਚਰਚਾ ਕੀਤੀ। ਰਾਸ਼ਟਰਪਤੀ ਪੁਤਿਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਗਲੇ ਸਾਲ ਰੂਸ ਆਉਣ ਦਾ ਸੱਦਾ ਦਿੱਤਾ ਹੈ। ਪੁਤਿਨ ਨੇ ਜੈਸ਼ੰਕਰ ਨੂੰ ਕਿਹਾ ਕਿ ਸਾਨੂੰ ਆਪਣੇ ਦੋਸਤ ਪ੍ਰਧਾਨ ਮੰਤਰੀ ਮੋਦੀ ਨੂੰ ਰੂਸ ਵਿੱਚ ਦੇਖ ਕੇ ਬਹੁਤ ਵਧੀਆ ਲੱਗੇਗਾ। ਉਨ੍ਹਾਂ ਕਿਹਾ ਕਿ ਦੁਨੀਆ ਵਿੱਚ ਕਾਫ਼ੀ ਉੱਥਲ-ਪੁੱਥਲ ਚੱਲ ਰਹੀ ਹੈ। ਇਸਦੇ ਬਾਵਜੂਦ ਰੂਸ ਤੇ ਭਾਰਤ ਦੇ ਰਿਸ਼ਤੇ ਮਜ਼ਬੂਤ ਹੋ ਰਹੇ ਹਨ। ਭਾਰਤ ਦੇ ਲੋਕ ਤੇਜ਼ੀ ਨਾਲ ਵਿਕਾਸ ਕਰ ਰਹੇ ਹਨ।

    ਪੁਤਿਨ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਵੀ ਕਈ ਅਹਿਮ ਮੁੱਦਿਆਂ ‘ਤੇ ਪ੍ਰਧਾਨ ਮੰਤਰੀ ਮੋਦੀ ਨੂੰ ਕਈ ਵਾਰ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਂ ਜਾਣਦਾ ਹਾਂ ਕਿ ਮੋਦੀ ਕਿਸੇ ਵੀ ਸੰਕਟ ‘ਤੇ ਸ਼ਾਂਤੀਪੂਰਨ ਹੱਲ ਚਾਹੁੰਦੇ ਹਨ। ਇਸ ਤੋਂ ਇਲਾਵਾ ਪੁਤਿਨ ਨੇ ਵਿਦੇਸ਼ ਮੰਤਰੀ ਨੂੰ ਕਿਹਾ ਕਿ ਅਗਲੇ ਸਾਲ ਆਮ ਚੋਣਾਂ ਦੇ ਚੱਲਦਿਆਂ ਭਾਰਤ ਦਾ ਕੈਲੰਡਰ ਬਹੁਤ ਰੁਝਿਆ ਲੱਗ ਰਿਹਾ ਹੈ। ਹਾਲਾਂਕਿ ਕੋਈ ਵੀ ਜਿੱਤੇ ਰੂਸ ਤੇ ਭਾਰਤ ਦੇ ਰਿਸ਼ਤੇ ਸਥਿਰ ਰਹਿਣਗੇ।

    ਦੱਸ ਦੇਈਏ ਕਿ ਬੁੱਧਵਾਰ ਨੂੰ ਰਾਸ਼ਟਰਪਤੀ ਪੁਤਿਨ ਦੇ ਨਾਲ ਬੈਠਕ ਦੇ ਦੌਰਾਨ ਦੋਹਾਂ ਨੇਤਾਵਾਂ ਦੇ ਵਿਚਾਲੇ ਅੰਤਰਰਾਸ਼ਟਰੀ ਮੁੱਦਿਆਂ, ਭਾਰਤ-ਰੂਸ ਸਬੰਧ, ਕਾਰੋਬਾਰ ਤੇ ਹੋਰ ਕਾਈ ਮੁੱਦਿਆਂ ‘ਤੇ ਚਰਚਾ ਕੀਤੀ। ਰੂਸ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਦੋਹਾਂ ਦੇਸ਼ਾਂ ਦੇ ਵਿਚਾਲੇ ਕਾਰੋਬਾਰ ਸਿਰਫ਼ ਤੇਲ, ਕੋਲਾ ਤੇ ਊਰਜਾ ਨਾਲ ਸਬੰਧਿਤ ਉਤਪਾਦਾਂ ਤੱਕ ਹੀ ਸੀਮਿਤ ਨਹੀਂ ਹੈ ਬਲਕਿ ਹਾਈਟੈੱਕ ਮਾਮਲਿਆਂ ਵਿੱਚ ਵੀ ਸਬੰਧ ਅੱਗੇ ਵੱਧ ਰਹੇ ਹਨ। ਪੁਤਿਨ ਨੇ ਕਿਹਾ ਕਿ ਸਾਨੂ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਮੌਜੂਦਾ ਸਮੇਂ ਵਿੱਚ ਦੁਨੀਆ ਵਿੱਚ ਚੱਲ ਰਹੀ ਅਸ਼ਾਂਤੀ ਦੇ ਵਿਚਾਲੇ ਏਸ਼ੀਆ ਵਿੱਚ ਸਾਡੇ ਦੋਸਤ ਭਾਰਤ ਤੇ ਉੱਥੋਂ ਦੇ ਲੋਕਾਂ ਦੇ ਨਾਲ ਸਬੰਧ ਵਧੀਆ ਹੋ ਰਹੇ ਹਨ।