ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਇਨ੍ਹੀਂ ਦਿਨੀਂ ਅਮਰੀਕਾ ਦੌਰੇ ਉਤੇ ਹਨ। ਇੱਥੇ ਮੰਗਲਵਾਰ ਨੂੰ ਉਨ੍ਹਾਂ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਵੀਜ਼ਾ ਪ੍ਰਕਿਰਿਆ ਵਿਚ ਹੋ ਰਹੀ ਦੇਰੀ ‘ਤੇ ਚਿੰਤਾ ਪ੍ਰਗਟਾਈ। ਮਾਰਕੋ ਰੂਬੀਓ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਦਾ ਵਿਦੇਸ਼ ਮੰਤਰੀ ਨਿਯੁਕਤ ਕੀਤਾ ਹੈ, ਉਹ ਦੂਜੀ ਵਾਰ ਵ੍ਹਾਈਟ ਹਾਊਸ ਪਰਤ ਰਹੇ ਹਨ।ਜੈਸ਼ੰਕਰ ਨੇ ਰੂਬੀਓ ਨੂੰ ਕਿਹਾ ਕਿ ਭਾਰਤ ਕਾਨੂੰਨੀ ਗਤੀਸ਼ੀਲਤਾ (Legal Immigration) ਦਾ ਸਮਰਥਨ ਕਰਦਾ ਹੈ, ਪਰ ਗੈਰ-ਕਾਨੂੰਨੀ ਇਮੀਗ੍ਰੇਸ਼ਨ ਅਤੇ ਸੰਬੰਧਿਤ ਗਤੀਵਿਧੀਆਂ ਨਾ ਤਾਂ ਫਾਇਦੇਮੰਦ ਹਨ ਅਤੇ ਨਾ ਹੀ ਉਚਿਤ ਹਨ। ਜੈਸ਼ੰਕਰ ਵਾਸ਼ਿੰਗਟਨ ਸਥਿਤ ਭਾਰਤੀ ਦੂਤਾਵਾਸ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ, ਜਿੱਥੇ ਉਨ੍ਹਾਂ ਨੇ ਆਪਣੇ ਅਮਰੀਕੀ ਹਮਰੁਤਬਾ ਰੂਬੀਓ ਨਾਲ ਮੁਲਾਕਾਤ ਅਤੇ ਕਵਾਡ ਵਿਦੇਸ਼ ਮੰਤਰੀਆਂ ਦੀ ਬੈਠਕ ਬਾਰੇ ਜਾਣਕਾਰੀ ਦਿੱਤੀ।
ਭਾਰਤ ਆਪਣੇ ਨਾਗਰਿਕਾਂ ਨੂੰ ਵਾਪਸ ਲੈਣ ਲਈ ਤਿਆਰ
ਵਿਦੇਸ਼ ਮੰਤਰੀ ਜੈਸ਼ੰਕਰ ਨੇ ਇਸ ਮੁੱਦੇ ‘ਤੇ ਭਾਰਤ ਦਾ ਰੁਖ ਸਪੱਸ਼ਟ ਕਰਦੇ ਹੋਏ ਕਿਹਾ, ‘ਅਸੀਂ ਕਾਨੂੰਨੀ ਗਤੀਸ਼ੀਲਤਾ ਦੇ ਸਮਰਥਕ ਹਾਂ ਅਤੇ ਚਾਹੁੰਦੇ ਹਾਂ ਕਿ ਭਾਰਤ ਦੇ ਪ੍ਰਤਿਭਾਸ਼ਾਲੀ ਲੋਕਾਂ ਨੂੰ ਵਿਸ਼ਵ ਪੱਧਰ ਉਤੇ ਵਧੇਰੇ ਮੌਕੇ ਮਿਲਣੇ ਚਾਹੀਦੇ ਹਨ। ਅਸੀਂ ਗੈਰ-ਕਾਨੂੰਨੀ ਇਮੀਗ੍ਰੇਸ਼ਨ ਅਤੇ ਗਤੀਸ਼ੀਲਤਾ ਦੇ ਖਿਲਾਫ ਹਾਂ, ਕਿਉਂਕਿ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਵੀ ਇਸ ਨਾਲ ਜੁੜੀਆਂ ਹੋਈਆਂ ਹਨ। ਇਹ ਨਾ ਤਾਂ ਫਾਇਦੇਮੰਦ ਹੈ ਅਤੇ ਨਾ ਹੀ ਚੰਗਾ ਹੈ।
ਉਨ੍ਹਾਂ ਕਿਹਾ ਕਿ ਭਾਰਤ ਨੇ ਹਮੇਸ਼ਾ ਇਹ ਸਟੈਂਡ ਲਿਆ ਹੈ ਕਿ ਜੇਕਰ ਕੋਈ ਭਾਰਤੀ ਨਾਗਰਿਕ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਵਿਚ ਰਹਿ ਰਿਹਾ ਹੈ ਤਾਂ ਭਾਰਤ ਉਸ ਦੀ ਕਾਨੂੰਨੀ ਵਾਪਸੀ ਲਈ ਤਿਆਰ ਹੈ। ਉਨ੍ਹਾਂ ਕਿਹਾ, ‘ਸਾਡਾ ਸਟੈਂਡ ਹਮੇਸ਼ਾ ਇਹ ਰਿਹਾ ਹੈ ਕਿ ਜੇਕਰ ਸਾਡਾ ਕੋਈ ਨਾਗਰਿਕ ਕਾਨੂੰਨੀ ਤੌਰ ‘ਤੇ ਉੱਥੇ ਨਹੀਂ ਹੈ ਤਾਂ ਅਸੀਂ ਵਾਪਸੀ ਲਈ ਤਿਆਰ ਹਾਂ। ਇਸ ‘ਤੇ ਬਹਿਸ ਚੱਲ ਰਹੀ ਹੈ ਪਰ ਇਸ ਮੁੱਦੇ ‘ਤੇ ਸਾਡਾ ਸਟੈਂਡ ਸਪੱਸ਼ਟ ਹੈ।
ਅਮਰੀਕਾ ਤੋਂ ਗੈਰ-ਕਾਨੂੰਨੀ ਭਾਰਤੀਆਂ ਦੇ ਦੇਸ਼ ਨਿਕਾਲੇ ਦੀ ਗਿਣਤੀ ‘ਤੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ, ‘ਅਸੀਂ ਕੁਝ ਨੰਬਰ ਦੇਖੇ ਹਨ, ਪਰ ਮੈਂ ਤੁਹਾਨੂੰ ਉਨ੍ਹਾਂ ਦੀ ਗਿਣਤੀ (18000) ਬਾਰੇ ਸਾਵਧਾਨ ਕਰਨਾ ਚਾਹੁੰਦਾ ਹਾਂ, ਕਿਉਂਕਿ ਸਾਨੂੰ ਇਹ ਪੁਸ਼ਟੀ ਕਰਨੀ ਹੋਵੇਗੀ ਕਿ ਉਹ ਭਾਰਤੀ ਹਨ।’
ਵੀਜ਼ੇ ‘ਚ ਦੇਰੀ ‘ਤੇ ਚਿੰਤਾ ਪ੍ਰਗਟਾਈ
ਜੈਸ਼ੰਕਰ ਨੇ ਅਮਰੀਕੀ ਵਿਦੇਸ਼ ਮੰਤਰੀ ਰੂਬੀਓ ਨਾਲ ਗੱਲਬਾਤ ਦੌਰਾਨ ਵੀਜ਼ਾ ਪ੍ਰਕਿਰਿਆ ਵਿੱਚ ਦੇਰੀ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਕਿਹਾ ਕਿ ਜੇਕਰ ਵੀਜ਼ਾ ਮਿਲਣ ਵਿੱਚ 400 ਦਿਨ ਲੱਗ ਜਾਂਦੇ ਹਨ ਤਾਂ ਇਹ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਸਹੀ ਢੰਗ ਨਾਲ ਅੱਗੇ ਲਿਜਾਣ ਵਿੱਚ ਅੜਿੱਕਾ ਬਣ ਜਾਵੇਗਾ। ਜੈਸ਼ੰਕਰ ਨੇ ਕਿਹਾ, ‘ਅਸੀਂ ਅਮਰੀਕੀ ਵਿਦੇਸ਼ ਮੰਤਰੀ ਨੂੰ ਆਪਸੀ ਲਾਭ ਲਈ ਕਾਨੂੰਨੀ ਅਤੇ ਆਸਾਨ ਗਤੀਸ਼ੀਲਤਾ ਯਕੀਨੀ ਬਣਾਉਣ ਲਈ ਬੇਨਤੀ ਕੀਤੀ ਹੈ। ਅਮਰੀਕੀ ਵਿਦੇਸ਼ ਮੰਤਰੀ ਨੇ ਵੀ ਜੈਸ਼ੰਕਰ ਦੇ ਸ਼ਬਦਾਂ ਦਾ ਨੋਟਿਸ ਲਿਆ ਅਤੇ ਇਸ ਦਿਸ਼ਾ ਵਿੱਚ ਢੁਕਵੇਂ ਕਦਮ ਚੁੱਕਣ ਦਾ ਭਰੋਸਾ ਦਿੱਤਾ।