ਸ੍ਰੀ ਮੁਕਤਸਰ ਸਾਹਿਬ, 13 ਅਕਤੂਬਰ (ਵਿਪਨ ਕੁਮਾਰ ਮਿਤੱਲ) ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਦੇ ਸਾਬਕਾ ਵਾਇਸ ਚਾਂਸਲਰ ਪ੍ਰੋ. ਐੱਸ.ਐੱਸ. ਗਿੱਲ (77) ਕੱਲ ਅਕਾਲ ਚਲਾਣਾ ਕਰ ਗਏ ਸਨ। ਪ੍ਰੋ. ਗਿੱਲ ਨਵੰਬਰ 2008 ਤੋਂ ਲੈ ਕੇ ਨਵੰਬਰ 2014 ਤੱਕ ਦੋ ਟਰਮਾਂ ਲਈ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਰਹੇ ਹਨ। ਪ੍ਰੋ. ਗਿੱਲ ਪਿਛਲੇ ਦੋ ਸਾਲਾਂ ਤੋਂ ਬਿਮਾਰ ਚੱਲੇ ਆ ਰਹੇ ਸਨ। ਉਹ 27 ਸਤੰਬਰ ਤੋਂ ਪੀ.ਜੀ.ਆਈ. ਚੰਡੀਗੜ੍ਹ ਵਿਖੇ ਜੇਰੇ ਇਲਾਜ ਸਨ ਜਿੱਥੇ ਉਹਨਾਂ ਨੇ ਆਪਣਾ ਅੰਤਿਮ ਸਾਹ ਲਿਆ ਸੀ। ਉਹਨਾਂ ਦੀ ਮੌਤ ’ਤੇ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਚੇਅਰਮੈਨ ਅਤੇ ਆਲ ਇੰਡੀਆ ਐਸ.ਸੀ./ਬੀ.ਸੀ./ਐਸ.ਟੀ. ਏਕਤਾ ਭਲਾਈ ਮੰਚ ਦੇ ਰਾਸ਼ਟਰੀ ਪ੍ਰਧਾਨ ਦਲਿਤ ਰਤਨ ਜਗਦੀਸ਼ ਰਾਏ ਢੋਸੀਵਾਲ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸੇ ਤਰ੍ਹਾਂ ਪ੍ਰਮੁੱਖ ਸਮਾਜ ਸੇਵੀ ਆਗੂ ਨਿਰੰਜਣ ਸਿੰਘ ਰੱਖਰਾ, ਇੰਜ. ਅਸ਼ੋਕ ਕੁਮਾਰ ਭਾਰਤੀ, ਡਾ. ਸੁਰਿੰਦਰ ਗਿਰਧਰ, ਪ੍ਰਦੀਪ ਧੂੜੀਆ, ਡਾ. ਸੰਜੀਵ ਮਿੱਡਾ, ਡਾ. ਜਸਵਿੰਦਰ ਸਿੰਘ, ਗੁਰਪਾਲ ਪਾਲੀ ਸਮੇਤ ਫਰੀਦਕੋਟ ਦੇ ਟਰੱਸਟ ਆਗੂ ਹੀਰਾਵਤੀ, ਜਗਦੀਸ਼ ਰਾਜ ਭਾਰਤੀ ਤੇ ਪ੍ਰਿੰਸੀਪਲ ਕ੍ਰਿਸ਼ਨ ਲਾਲ ਨੇ ਵੀ ਡਾ. ਗਿੱਲ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬ ਵਿੱਤ ਵਿਭਾਗ ਵਿਚੋਂ ਸੇਵਾ ਮੁਕਤ ਹੋਏ ਜੁਆਇੰਟ ਵਿੱਤ ਕੰਟਰੋਲਰ ਓ.ਪੀ. ਚੌਧਰੀ ਨੇ ਵੀ ਸ੍ਰ. ਗਿੱਲ ਦੀ ਬੇਵਕਤੀ ਮੌਤ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਅੱਜ ਸਥਾਨਕ ਬੁੱਧ ਵਿਹਾਰ ਵਿਖੇ ਮੰਚ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਢੋਸੀਵਾਲ ਨੇ ਕਿਹਾ ਹੈ ਕਿ ਖੁਸ਼ ਮਿਜਾਜ ਅਤੇ ਮਿਲਾਪੜੇ ਸੁਭਾਅ ਵਾਲੇ ਸਵਰਗਵਾਸੀ ਪ੍ਰੋ. ਗਿੱਲ ਯੂਨੀਵਰਸਿਟੀ ਦੇ ਸਾਰੇ ਕਰਮਚਾਰੀਆਂ ਵਿਚ ਬੇਹੱਦ ਹਰਮਨ ਪਿਆਰੇ ਸਨ। ਉਹਨਾਂ ਨੇ ਆਪਣੇ ਕਾਰਜ ਕਾਲ ਦੌਰਾਨ ਯੂਨੀਵਰਸਿਟੀ ਦੇ ਸਰਬਪੱਖੀ ਵਿਕਾਸ ਲਈ ਹਰ ਸੰਭਵ ਯਤਨ ਕੀਤਾ ਜਿਸ ਕਰਕੇ ਉਨ੍ਹਾਂ ਦੀਆਂ ਸੇਵਾਵਾਂ ਸਦਾ ਯਾਦ ਰੱਖੀਆਂ ਜਾਣਗੀਆਂ।