ਅਮਰੀਕਾ ਦੇ ਲਾਸ ਐਂਜਲਸ ਵਿੱਚ ਅੱਗ ਲੱਗਣ ਕਾਰਨ 25 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਲਗਭਗ 30 ਲੋਕ ਲਾਪਤਾ ਹਨ। ਮਿਲੀ ਜਾਣਕਾਰੀ ਅਨੁਸਾਰ 90 ਹਜ਼ਾਰ ਲੋਕਾਂ ਨੂੰ ਐਮਰਜੈਂਸੀ ਐਗਜ਼ਿਟ ਅਲਰਟ (ਸ਼ਹਿਰ ਛੱਡਣ ਲਈ ਚੇਤਾਵਨੀ) ਦਿੱਤਾ ਗਿਆ ਹੈ। ਪੁਲਿਸ ਨੇ ਹੁਣ ਤਕ ਪ੍ਰਭਾਵਿਤ ਇਲਾਕਿਆਂ ਤੋਂ 50 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਲੋਕਾਂ ‘ਤੇ ਲੁੱਟ-ਖੋਹ, ਅੱਗ ਪ੍ਰਭਾਵਿਤ ਇਲਾਕਿਆਂ ਵਿੱਚ ਡਰੋਨ ਉਡਾਉਣ ਅਤੇ ਕਰਫਿਊ ਦੀ ਉਲੰਘਣਾ ਸਮੇਤ ਕਈ ਦੋਸ਼ ਹਨ।

    ਮੰਗਲਵਾਰ ਨੂੰ ਹਵਾ ਦੀ ਗਤੀ ਅਨੁਮਾਨ ਨਾਲੋਂ ਘੱਟ ਸੀ, ਜਿਸ ਨਾਲ ਬਚਾਅ ਟੀਮਾਂ ਨੂੰ ਅੱਗ ‘ਤੇ ਕਾਬੂ ਪਾਉਣ ਵਿੱਚ ਬਹੁਤ ਮਦਦ ਮਿਲੀ। ਇਸ ਵੇਲੇ, ਪੈਲੀਸੇਡਸ ਅਤੇ ਈਟਨ ਨੂੰ ਛੱਡ ਕੇ ਸਾਰੇ ਖੇਤਰਾਂ ਵਿੱਚ ਅੱਗ ‘ਤੇ ਲਗਭਗ ਕਾਬੂ ਪਾ ਲਿਆ ਗਿਆ ਹੈ। ਹੁਣ ਤਕ ਅੱਗ ਨਾਲ 12,000 ਤੋਂ ਵੱਧ ਇਮਾਰਤਾਂ ਤਬਾਹ ਹੋ ਚੁੱਕੀਆਂ ਹਨ, ਜਦੋਂ ਕਿ 155 ਵਰਗ ਕਿਲੋਮੀਟਰ ਦਾ ਖੇਤਰ ਸੜ ਕੇ ਸੁਆਹ ਹੋ ਗਿਆ ਹੈ।

    ਰਾਸ਼ਟਰੀ ਮੌਸਮ ਸੇਵਾ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਿੱਚ ਕਿਹਾ – ਅਸੀਂ ਅਜੇ ਵੀ ਪੂਰੀ ਤਰ੍ਹਾਂ ਖ਼ਤਰੇ ਤੋਂ ਬਾਹਰ ਨਹੀਂ ਹਾਂ। ਹਾਲਾਂਕਿ, ਮੰਗਲਵਾਰ ਨੂੰ ਹਵਾ ਦੀ ਗਤੀ ਓਨੀ ਨਹੀਂ ਸੀ ਜਿੰਨੀ ਡਰ ਸੀ। ਬੁੱਧਵਾਰ ਨੂੰ ਸਥਿਤੀ ਵਿੱਚ ਹੋਰ ਸੁਧਾਰ ਹੋ ਸਕਦਾ ਹੈ।