25 ਸਾਲਾਂ ਤੋਂ ਇਕ ਦੂਜੇ ਨੂੰ ਗਾਲ੍ਹਾਂ ਕੱਢਣ ਵਾਲੇ ਅੱਜ ਨਿੱਜੀ ਮੁਫਾਦਾਂ ਵਾਸਤੇ ਇਕਜੁੱਟ ਹੋਏ: ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਹਲੋਂ
ਸ੍ਰੀ ਅਕਾਲ ਤਖਤ ਸਾਹਿਬ ’ਤੇ ਮੁਆਫੀ ਮੰਗਣ ਲਈ ਵਿਧੀ ਵਿਧਾਨ, ਆਪ ਹੀ ਜੱਜ ਬਣ ਕੇ ਮੁਆਫੀ ਨਹੀਂ ਲਈ ਜਾ ਸਕਦੀ
ਸੁਖਬੀਰ ਬਾਦਲ ਦੱਸਣ ਕਿ ਉਹਨਾਂ ਸਰਕਾਰ ਤੋਂ ਵੱਖ ਹੋਣ ਮਗਰੋਂ ਗੁਰਪੁਰਬ ਮਨਾਉਣਾ ਕਿਉਂ ਛੱਡਿਆ: ਐਮ ਪੀ ਐਸ ਚੱਢਾ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਬੀਤੇ ਕੱਲ੍ਹ ਦਿੱਲੀ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀ.ਕੇ. ਦਰਮਿਆਨ ਹੋਏ ਸਮਝੌਤੇ ਨੂੰ ਨਿੱਜੀ ਮੁਫਾਦਾਂ ਲਈ ਕੀਤਾ ਗਿਆ ਸਮਝੌਤਾ ਕਰਾਰ ਦਿੰਦਿਆਂ ਕਿਹਾ ਹੈ ਕਿ 25 ਸਾਲ ਤੱਕ ਇਕ ਦੂਜੇ ਨੂੰ ਗਾਲ੍ਹਾਂ ਕੱਢਣ ਵਾਲੇ ਅੱਜ ਕੌਮ ਨੂੰ ਗੁੰਮਰਾਹ ਕਰਨ ਵਾਸਤੇ ਇਕਜੁੱਟ ਹੋਏ ਹਨ।
ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਤਿੰਨਾਂ ਆਗੂਆਂ ਵੱਲੋਂ ਇਕ ਦੂਜੇ ਨੂੰ ਮੰਦਾ ਬੋਲਣ ਦੀਆਂ ਵੀਡੀਓ ਵਿਖਾਉਂਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਗੋਲਕ ਚੋਰੀ ਦੇ ਦੋਸ਼ਾਂ ਵਿਚ ਮਨਜੀਤ ਸਿੰਘ ਜੀ.ਕੇ. ਨੂੰ ਪਾਰਟੀ ਵਿਚੋਂ ਕੱਢਿਆ ਸੀ ਤੇ ਦਾਅਵਾ ਕੀਤਾ ਸੀ ਕਿ ਉਹਨਾਂ ਨੇ ਗੁਰਦੁਆਰਾ ਬੰਗਲਾ ਸਾਹਿਬ ਦੀ ਗੋਲਕ ਵਿਚੋਂ 10 ਕਰੋੜ ਰੁਪਏ ਦੀ ਦੁਰਵਰਤੋਂ ਕੀਤੀ। ਉਹਨਾਂ ਕਿਹਾ ਕਿ ਇਸੇ ਤਰੀਕੇ ਮਨਜੀਤ ਸਿੰਘ ਜੀ.ਕੇ. ਨੇ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਤੇ 328 ਸਰੂਪ ਗਾਇਬ ਕਰਨ ਦੇ ਦੋਸ਼ ਲਾਏ ਸਨ। ਉਹਨਾਂ ਕਿਹਾ ਕਿ ਹੁਣ ਇਹਨਾਂ ਵਿਚ ਆਪਸੀ ਸਮਝੌਤਾ ਹੋ ਗਿਆ ਹੈ ਕਿ ਇਕ ਧਿਰ ਦੂਜੇ ਨੂੰ ਗੋਲਕ ਚੋਰ ਨਹੀਂ ਕਹੇਗੀ ਤੇ ਦੂਜੀ ਧਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਤੇ 328 ਸਰੂਪ ਚੋਰੀ ਹੋਣ ਦਾ ਹਿਸਾਬ ਨਹੀਂ ਮੰਗੇਗੀ।
ਉਹਨਾਂ ਕਿਹਾ ਕਿ ਇਸੇ ਤਰੀਕੇ ਪਰਮਜੀਤ ਸਿੰਘ ਸਰਨਾ ਜਿਹਨਾਂ ਨੇ ਅਕਾਲੀ ਦਲ ਤੇ ਬਾਦਲ ਪਰਿਵਾਰ ’ਤੇ ਪੰਜਾਬ ਨੂੰ ਬਰਬਾਦ ਕਰਨ, ਇਸਦੀ ਨੌਜਵਾਨੀ ਨੂੰ ਨਸ਼ਿਆਂ ਵਿਚ ਡੋਬਣ, ਬੇਅਦਬੀਆਂ ਕਰਨ ਤੇ ਪੰਥ ਤੇ ਕੌਮ ਦਾ ਅਤੇ ਅਕਾਲੀ ਦਲ ਦਾ ਬੇੜਾ ਗਰਕ ਕਰਨ ਦੇ ਦੋਸ਼ ਲਾਏ ਸਨ ਪਰ ਹੁਣ ਸੁਖਬੀਰ ਸਿੰਘ ਬਾਦਲ ਤੇ ਸਰਨਾ ਵਿਚਾਲੇ ਸਮਝੌਤਾ ਹੋ ਗਿਆ ਹੈ ਕਿ ਪਿਛਲੇ ਕੁਝ ਨਹੀਂ ਚੁੱਕਣੇ ਅਤੇ ਅਗਲਾ ਟੀਚਾ ਸਰਨਾ ਨੂੰ ਦਿੱਲੀ ਗੁਰਦੁਆਰਾ ਕਮੇਟੀ ’ਤੇ ਕਾਬਜ਼ ਕਰਵਾਉਣਾ ਦਾ ਮਿਥਿਆ ਹੈ।
ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਦਿੱਲੀ ਦੀ ਸੰਗਤ ਬਹੁਤ ਸੁਲਝੀ ਹੋਈ ਅਤੇ ਸਿਆਣੀ ਹੈ ਜਿਸਨੇ ਪਹਿਲਾਂ 2021 ਦੀਆਂ ਚੋਣਾਂ ਵਿਚ ਇਹਨਾਂ ਧਿਰਾਂ ਨੂੰ ਕਰਾਰੀ ਮਾਤ ਦਿੱਤੀ। ਉਹਨਾਂ ਕਿਹਾ ਕਿ ਜਿਥੇ ਸਰਨਾ ਭਰਾਵਾਂ ਨੂੰ ਤੀਜੀ ਵਾਰ ਸੰਗਤ ਨੇ ਨਕਾਰਿਆ, ਉਥੇ ਹੀ ਮਨਜੀਤ ਸਿੰਘ ਜੀ.ਕੇ. ਤੇ ਉਹਨਾਂ ਦੀ ਜਾਗੋ ਪਾਰਟੀ ਨੂੰ ਸੰਗਤਾਂ ਨੇ ਬੁਰੀ ਤਰ੍ਹਾਂ ਨਕਾਰਿਆ।
ਉਹਨਾਂ ਕਿਹਾ ਕਿ ਅੱਜ ਇਹ ਲੋਕ ਕੌਮ ਨੂੰ ਗੁੰਮਰਾਹ ਕਰਨ ਦੀ ਖ਼ਾਤਰ ਇਕਜੁੱਟ ਹੋਏ ਹਨ ਤੇ ਫਿਰ ਤੋਂ ਦਿੱਲੀ ਵਿਚ ਪੈਰ ਜਮਾਉਣਾ ਚਾਹੁੰਦੇ ਹਨ ਪਰ ਇਹਨਾਂ ਦੇ ਇਹ ਯਤਨ ਕਦੇ ਵੀ ਸਫਲ ਨਹੀਂ ਹੋਣਗੇ। ਪੰਥਕ ਏਕਤਾ ਦੇ ਦਾਅਵੇ ’ਤੇ ਸਵਾਲ ਕਰਦਿਆਂ ਦੋਵਾਂ ਆਗੂਆਂ ਨੇ ਕਿਹਾ ਕਿ ਪੰਥਕ ਉਹ ਹਨ ਜਿਹਨਾਂ ਨੂੰ ਸੰਗਤ ਨੇ ਸੇਵਾ ਬਖਸ਼ੀ ਤੇ ਅੱਜ ਉਹ ਦਿੱਲੀ ਗੁਰਦੁਆਰਾ ਕਮੇਟੀ ਰਾਹੀਂ ਸੰਗਤਾਂ ਦੀ ਸੇਵਾ ਕਰ ਰਹੇ ਹਨ ਨਾ ਕਿ ਉਹ ਪੰਥਕ ਹਨ ਜਿਹਨਾਂ ਨੂੰ ਬੁਰੀ ਤਰ੍ਹਾਂ ਨਕਾਰਿਆ ਗਿਆ।
ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਜਿਸ ਢੰਗ ਨਾਲ ਮੁਆਫੀ ਮੰਗੀ ਹੈ ਤੇ ਆਪਣੀ ਮੁਆਫੀ ਨੂੰ ਸਹੀ ਠਹਿਰਾਇਆ ਹੈ, ਉਹ ਬਹੁਤ ਹੀ ਗਲਤ ਹਰਕਤ ਹੈ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ’ਤੇ ਮੁਆਫੀ ਮੰਗਣ ਲਈ ਇਕ ਸਥਾਪਿਤ ਵਿਧੀ ਵਿਧਾਨ ਹੈ। ਉਹਨਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ, ਸਾਬਕਾ ਗ੍ਰਹਿ ਮੰਤਰੀ ਸ੍ਰੀ ਬੂਟਾ ਸਿੰਘ ਤੇ ਸਰਦਾਰ ਸੁਰਜੀਤ ਸਿੰਘ ਬਰਨਾਲਾ ਨੇ ਵੀ ਅਕਾਲ ਤਖਤ ਸਾਹਿਬ ’ਤੇ ਪੇਸ਼ ਹੋ ਕੇ ਮੁਆਫੀ ਮੰਗੀ ਸੀ ਤੇ ਉਹਨਾਂ ਨੂੰ ਤਨਖਾਹ ਲਗਾਈ ਗਈ ਸੀ ਪਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਤਾਂ ਆਪ ਹੀ ਜੱਜ ਬਣ ਕੇ ਆਪਣੀ ਮੁਆਫੀ ਨੂੰ ਸਹੀ ਠਹਿਰਾ ਦਿੱਤਾ ਹੈ ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉਚਤਾ ਨੂੰ ਛੋਟਾ ਕਰਨ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉਚਤਾ ’ਤੇ ਹਮੇਸ਼ਾ ਪਹਿਰਾ ਦਿੰਦੀ ਰਹੀ ਹੈ ਤੇ ਦੇਵੇਗੀ ਤੇ ਇਸ ਵਾਸਤੇ ਲੋੜੀਂਦਾ ਹਰ ਕਦਮ ਚੁੱਕੇਗੀ।
ਉਹਨਾਂ ਕਿਹਾ ਕਿ ਬਹੁਤ ਹੀ ਅਫਸੋਸ ਵਾਲੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਕ ਪੰਥਕ ਪਾਰਟੀ ਸੀ ਜਿਸਦਾ ਮਕਸਦ ਕੌਮ ਤੇ ਪੰਥ ਦੀ ਆਵਾਜ਼ ਬੁਲੰਦ ਕਰਨਾ ਸੀ, ਜਿਸਦਾ ਮਕਸਦ ਸਿੱਖ ਕੌਮ ਦੀ ਚੜ੍ਹਦੀਕਲਾ ਦੀ ਗੱਲ ਕਰਨੀ ਸੀ ਪਰ ਪਿਛਲੇ ਇਕ ਦਹਾਕੇ ਤੋਂ ਵੇਖਿਆ ਕਿ ਕਿਵੇਂ ਪਾਰਟੀ ਨੂੰ ਪੰਜਾਬ ਵਿਚ ਰੋਲ ਕੇ ਰੱਖ ਦਿੱਤਾ ਗਿਆ। ਉਹਨਾਂ ਕਿਹਾ ਕਿ ਇਸੇ ਲਈ ਸੰਗਤ ਨੇ ਉਹਨਾਂ ਨੂੰ ਨਕਾਰਿਆ ਕਿਉਂਕਿ ਉਹ ਮਕਸਦ ਤੋਂ ਭਟਕ ਗਏ ਤੇ ਸਿੱਖ ਕੌਮ ਤੇ ਪੰਥ ਨੂੰ ਚੜ੍ਹਦੀਕਲਾ ਦੀ ਥਾਂ ਨਿਘਾਰ ਵੱਲ ਲੈ ਗਏ।
ਉਹਨਾਂ ਕਿਹਾ ਕਿ ਇਹ ਲੋਕ ਸੰਗਤ ਨੂੰ ਬੇਵਾਕੂਫ ਸਮਝ ਰਹੇ ਹਨ ਪਰ ਸੰਗਤ ਸਭ ਤੋਂ ਜ਼ਿਆਦਾ ਸਿਆਣੀ ਹੈ ਤੇ ਸਹੀ ਫੈਸਲੇ ਲੈਂਦੀ ਹੈ।
ਉਹਨਾਂ ਕਿਹਾ ਕਿ ਸਾਡਾ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਹੈ ਕਿ ਕੀ ਹੁਣ ਗੋਲਕ ਚੋਰੀਆਂ ਦਾ ਹਿਸਾਬ ਮਿਲ ਗਿਆ ? ਉਹਨਾਂ ਕਿਹਾ ਕਿ ਜਾਂ ਤਾਂ ਤੁਸੀਂ ਉਸ ਦਿਨ ਗਲਤ ਸੀ ਜਦੋਂ ਜੀ.ਕੇ. ਨੂੰ ਕੱਢਿਆ ਜਾਂ ਅੱਜ ਗਲਤ ਹੋ ਕਿ ਜਿਸਨੂੰ ਗੋਲਕ ਚੋਰ ਕਿਹਾ ਸੀ, ਜਿਸਨੂੰ ਕੋਰਟ ਤੇ ਪੰਥ ਤੋਂ ਕਲੀਨ ਚਿੱਟ ਨਾ ਮਿਲਣ ਦੇ ਬਾਵਜੂਦ ਉਸਨੂੰ ਪਾਰਟੀ ਵਿਚ ਸ਼ਾਮਲ ਕਰ ਰਹੇ ਹੋ, ਇਸਦਾ ਜਵਾਬ ਸੰਗਤ ਮੰਗਦੀ ਹੈ।
ਇਸ ਮੌਕੇ ਅਕਾਲੀ ਦਲ ਦਿੱਲੀ ਸਟੇਟ ਦੇ ਪ੍ਰਧਾਨ ਸਰਦਾਰ ਐਮ ਪੀ ਐਸ ਚੱਢਾ ਨੇ ਕਿਹਾ ਕਿ ਪਹਿਲਾਂ ਸਰਦਾਰ ਸੁਖਬੀਰ ਸਿੰਘ ਬਾਦਲ ਪਹਿਲਾਂ ਦਿੱਲੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਂਦੇ ਸਨ ਜਿਸ ਵਿਚ ਕੇਂਦਰ ਸਰਕਾਰ ਦੇ ਮੰਤਰੀ, ਪ੍ਰਧਾਨ ਮੰਤਰੀ ਤੇ ਸਾਰੀਆਂ ਪਾਰਟੀਆਂ ਦੇ ਆਗੂ ਪਹੁੰਚਦੇ ਸਨ ਪਰ ਸਰਕਾਰ ਨਾਲ ਨਾਅਤਾ ਟੁੱਟਣ ਮਗਰੋਂ ਉਹਨਾਂ ਗੁਰਪੁਰਬ ਮਨਾਉਣਾ ਹੀ ਛੱਡ ਦਿੱਤਾ ਤੇ ਦਿੱਲੀ ਵੀ ਛੱਡ ਦਿੱਤੀ ਪਰ ਹੁਣ ਉਹ ਫਿਰ ਤੋਂ ਦਿੱਲੀ ਵਾਪਸੀ ਲਈ ਯਤਨਸ਼ੀਲ ਹੋ ਗਏ ਹਨ। ਉਹਨਾਂ ਕਿਹਾ ਕਿ ਅੱਜ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਪਾਰਟੀ ਵਿਚ ਲਿਆ ਰਹੇ ਹਨ ਜਿਹਨਾਂ ਨੇ ਉਹਨਾਂ ਦੀ ਪਾਰਟੀ ਖਿਲਾਫ ਪਾਰਟੀਆਂ ਬਣਾਈਆਂ ਸਨ। ਉਹਨਾਂ ਸਵਾਲ ਕੀਤਾ ਕਿ ਕੀ ਮਨਜੀਤ ਸਿੰਘ ਜੀ.ਕੇ. ਜੀ ਉਦੋਂ ਜਾਗੇ ਸਨ ਜਾਂ ਹੁਣ ਜਾਗੇ ਹਨ।
ਸਵਾਲ ਦੇ ਜਵਾਬ ਵਿਚ ਕਿਹਾ ਕਿ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਜੇਕਰ ਉਹ ਆਪਣੀ ਮੁਆਫੀ ਨੂੰ ਸਹੀ ਠਹਿਰਾਉਂਦੇ ਹਨ ਤਾਂ ਇਸ ਤੋਂ ਮੰਦਭਾਗੀ ਗੱਲ ਨਹੀਂ ਹੋ ਸਕਦੀ।