ਲੁਧਿਆਣਾ ਵਿੱਚ ਲੜਕੀ (20 ਸਾਲ) ਨਾਲ ਸਮੂਹਿਕ ਜਬਰ ਜਨਾਹ ਕਰਨ ਵਾਲੇ ਤਿੰਨੋਂ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕਰ ਲਈ ਹੈ। ਲੜਕੀ ਆਪਣੇ ਕੰਮ ਵਾਲੀ ਥਾਂ ਜਾਣ ਲਈ ਖੜ੍ਹੀ ਸੀ ਤੇ ਸਵੇਰੇ 6 ਵਜੇ ਆਟੋ ਉਤੇ ਉਸ ਨੂੰ ਅਗਵਾ ਕਰਕੇ ਸਮੂਹਿਕ ਜਬਰ ਜਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਤਿੰਨ ਮੁਲਜ਼ਮਾਂ ਵਿਚੋਂ ਇੱਕ ਨਬਾਲਿਗ ਹੈ। ਪੁਲਿਸ ਨੇ ਉਨ੍ਹਾਂ ਕੋਲੋਂ ਇੱਕ ਚੋਰੀ ਦਾ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਪੁਲਿਸ ਤੋਂ ਬਚਣ ਲਈ ਭੱਜਣ ਸਮੇਂ ਦੋ ਮੁਲਜ਼ਮ ਹਾਦਸਾ ਦਾ ਸ਼ਿਕਾਰ ਹੋ ਗਏ ਅਤੇ ਜ਼ਖਮੀ ਹੋ ਗਏ।

ਮੁਲਜ਼ਮਾਂ ਨੇ 19 ਦਸੰਬਰ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਸਵੇਰੇ ਕਰੀਬ 6 ਵਜੇ ਲੜਕੀ ਆਪਣੇ ਕੰਮ ਵਾਲੀ ਥਾਂ ‘ਤੇ ਜਾਣ ਲਈ ਆਟੋ ਲੈਣ ਲਈ ਖੜ੍ਹੀ ਸੀ। ਆਟੋ ਵਿੱਚ ਡਰਾਈਵਰ ਦੇ ਦੋ ਸਾਥੀ ਬੈਠੇ ਸਨ। ਉਹ ਲੜਕੀ ਆਟੋ ਵਿੱਚ ਬਿਠਾ ਕੇ ਬਾਅਦ ਵਿੱਚ ਅਗਵਾ ਕਰਕੇ ਕਰਕੇ ਲੈ ਗਏ ਤੇ ਬਾਅਦ ਵਿੱਚ ਜਬਰ ਜਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਨਾਬਾਲਗ ਪਿਛਲੇ ਇੱਕ ਸਾਲ ਤੋਂ ਆਟੋ ਚਲਾ ਰਿਹਾ ਸੀ। ਜਦੋਂਕਿ ਮੁਲਜ਼ਮ ਗੁਰਪ੍ਰੀਤ ਨੂੰ ਉਸ ਦੇ ਪਰਿਵਾਰ ਨੇ ਘਰੋਂ ਕੱਢ ਦਿੱਤਾ ਹੈ। ਮੁਲਜ਼ਮ ਅਨਿਲ ਦਾ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਹੈ।
ਅਧਿਕਾਰੀਆਂ ਮੁਤਾਬਕ ਤਿੰਨੋਂ ਮੁਲਜ਼ਮ ਜਗਰਾਉਂ ਦੇ ਰਹਿਣ ਵਾਲੇ ਹਨ। ਬਲਾਤਕਾਰ ਦੌਰਾਨ ਬਦਮਾਸ਼ਾਂ ਨੇ ਔਰਤ ਦੇ ਮੂੰਹ ‘ਤੇ ਟੇਪ ਲਗਾ ਦਿੱਤੀ ਅਤੇ ਉਸ ਦੇ ਹੱਥ-ਪੈਰ ਵੀ ਬੰਨ੍ਹ ਦਿੱਤੇ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਔਰਤ ਦਾ ਮੋਬਾਈਲ ਫੋਨ ਖੋਹ ਲਿਆ। ਇਸ ਤੋਂ ਬਾਅਦ ਮੁਲਜ਼ਮ ਲੜਕੀ ਨੂੰ ਮੌਕੇ ’ਤੇ ਛੱਡ ਕੇ ਉਸ ਦਾ ਮੋਬਾਈਲ ਫੋਨ ਲੈ ਕੇ ਭੱਜ ਗਏ। ਲੜਕੀ ਕਿਸੇ ਤਰ੍ਹਾਂ ਮੇਨ ਰੋਡ ‘ਤੇ ਪਹੁੰਚੀ ਅਤੇ ਪੁਲਿਸ ਨੂੰ ਬੁਲਾਉਣ ਲਈ ਰਾਹਗੀਰਾਂ ਤੋਂ ਮਦਦ ਮੰਗੀ। ਜੇਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਪਹਿਲਾਂ ਤਾਂ ਔਰਤ ਦੇ ਮਾਪੇ ਸਮਾਜਿਕ ਕਲੰਕ ਕਾਰਨ ਸ਼ਿਕਾਇਤ ਦਰਜ ਕਰਵਾਉਣ ਤੋਂ ਝਿਜਕਦੇ ਸਨ।
ਪੁਲਿਸ ਨੇ ਉਨ੍ਹਾਂ ਨੂੰ ਸਮਝਾਇਆ। ਲੜਕੀ ਸ਼ਿਕਾਇਤ ਦਰਜ ਕਰਵਾਉਣਾ ਚਾਹੁੰਦੀ ਸੀ। ਉਨ੍ਹਾਂ ਦੱਸਿਆ ਕਿ 19 ਦਸੰਬਰ ਤੋਂ ਵੱਖ-ਵੱਖ ਟੀਮਾਂ ਮੁਲਜ਼ਮਾਂ ਦਾ ਪਿੱਛਾ ਕਰ ਰਹੀਆਂ ਸਨ। ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਅਤੇ ਬਾਅਦ ਵਿੱਚ ਤਿੰਨ ਮੁਲਜ਼ਮਾਂ ਦੀ ਪਛਾਣ ਕੀਤੀ ਗਈ। ਮੁਲਜ਼ਮ ਵੱਖ-ਵੱਖ ਥਾਵਾਂ ‘ਤੇ ਫਰਾਰ ਹੋ ਗਏ ਸਨ। ਜੇਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਜਦੋਂ ਪੁਲੀਸ ਨੇ ਪਿੱਛਾ ਕੀਤਾ ਤਾਂ ਲੁਟੇਰੇ ਮੋਟਰਸਾਈਕਲ ਭਜਾ ਕੇ ਲੈ ਗਏ। ਬਦਮਾਸ਼ਾਂ ਦੀ ਬਾਈਕ ਕੁਝ ਦੂਰੀ ‘ਤੇ ਦਰੱਖਤ ਨਾਲ ਟਕਰਾ ਗਈ।
ਹਾਦਸੇ ਵਿੱਚ ਦੋ ਨੌਜਵਾਨਾਂ ਦੀਆਂ ਬਾਹਾਂ ਅਤੇ ਲੱਤਾਂ ਟੁੱਟ ਗਈਆਂ। ਜਿਨ੍ਹਾਂ ਨੂੰ ਵੀ ਤੁਰੰਤ ਇਲਾਜ ਲਈ ਲਿਜਾਇਆ ਗਿਆ। ਫਿਲਹਾਲ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।