ਸਰਕਾਰ ਨੇ ਜਦੋਂ 23 ਜੁਲਾਈ ਨੂੰ ਪੇਸ਼ ਕੀਤੇ ਬਜਟ ਵਿਚ ਸੋਨੇ ਉਤੇ ਦਰਾਮਦ ਡਿਊਟੀ ਘਟਾਈ ਤਾਂ ਇਸ ਦੀਆਂ ਕੀਮਤਾਂ ਹਜ਼ਾਰਾਂ ਰੁਪਏ ਤੱਕ ਡਿੱਗ ਗਈਆਂ। ਉਦੋਂ ਤੋਂ ਹੀ ਬਾਜ਼ਾਰ ‘ਚ ਸੋਨਾ ਸਸਤਾ ਹੋਣ ਦੀ ਉਮੀਦ ਕਰ ਰਹੇ ਖਰੀਦਦਾਰਾਂ ਨੂੰ ਹੁਣ ਵੱਡਾ ਝਟਕਾ ਲੱਗਾ ਹੈ।ਸੋਨੇ ਦੀ ਕੀਮਤ ਪੁਰਾਣੇ ਰਿਕਾਰਡ ਦੇ ਨੇੜੇ ਵਾਪਸ ਆ ਗਈ ਹੈ। ਵਿਸ਼ਲੇਸ਼ਕਾਂ ਦਾ ਅੰਦਾਜ਼ਾ ਹੈ ਕਿ ਜੇਕਰ ਸਥਿਤੀ ਇਸੇ ਤਰ੍ਹਾਂ ਜਾਰੀ ਰਹੀ ਤਾਂ ਧਨਤੇਰਸ ਤੱਕ ਸੋਨਾ ਅਤੇ ਚਾਂਦੀ ਦੋਵੇਂ ਨਵੇਂ ਰਿਕਾਰਡ ਉਤੇ ਪਹੁੰਚ ਜਾਣਗੇ।ਦਰਅਸਲ ਬੁੱਧਵਾਰ ਨੂੰ ਰਾਸ਼ਟਰੀ ਰਾਜਧਾਨੀ ‘ਚ ਸੋਨੇ ਦੀ ਕੀਮਤ 500 ਰੁਪਏ ਵਧ ਕੇ 74,600 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਈ। ਸਥਾਨਕ ਗਹਿਣਾ ਵਿਕਰੇਤਾਵਾਂ ਦੀ ਖਰੀਦ ਵਧਣ ਅਤੇ ਵਿਸ਼ਵ ਬਾਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਨਾਲ ਸੋਨੇ ਦੀਆਂ ਕੀਮਤਾਂ ‘ਚ ਤੇਜ਼ੀ ਆਈ। ਮੰਗਲਵਾਰ ਨੂੰ 99.9 ਫੀਸਦੀ ਸ਼ੁੱਧਤਾ ਵਾਲਾ ਸੋਨਾ 74,100 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ। ਇਸ ਦੇ ਨਾਲ ਹੀ ਪਿਛਲੇ ਦੋ ਦਿਨਾਂ ‘ਚ ਸੋਨੇ ਦੀਆਂ ਕੀਮਤਾਂ ‘ਚ 1,000 ਰੁਪਏ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ।
ਚਾਂਦੀ ਦੀ ਚਮਕ ਵੀ ਵਧੀ
ਆਲ ਇੰਡੀਆ ਬੁਲੀਅਨ ਐਸੋਸੀਏਸ਼ਨ ਮੁਤਾਬਕ ਬੁੱਧਵਾਰ ਨੂੰ ਚਾਂਦੀ ਦੀ ਕੀਮਤ ਵੀ 500 ਰੁਪਏ ਵਧ ਕੇ 85,000 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਪਿਛਲੇ ਸੈਸ਼ਨ ਵਿਚ ਚਾਂਦੀ 84,500 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਬੰਦ ਹੋਈ ਸੀ। ਵਪਾਰੀਆਂ ਨੇ ਕਿਹਾ ਕਿ ਸਥਾਨਕ ਗਹਿਣਾ ਵਿਕਰੇਤਾਵਾਂ ਅਤੇ ਪ੍ਰਚੂਨ ਵਿਕਰੇਤਾਵਾਂ ਦੁਆਰਾ ਖਰੀਦਦਾਰੀ ਵਧਣ ਨਾਲ ਬਾਜ਼ਾਰ ਮਜ਼ਬੂਤ ਹੋਇਆ ਹੈ, ਜਿਸ ਨਾਲ ਸੋਨੇ ਦੀਆਂ ਕੀਮਤਾਂ ਵਿਚ ਵਾਧਾ ਹੋਇਆ।
ਗਲੋਬਲ ਮਾਰਕੀਟ ਵਿਚ ਵੀ ਜ਼ੋਰ
ਕੌਮਾਂਤਰੀ ਬਾਜ਼ਾਰਾਂ ਵਿਚ ਕਾਮੈਕਸ ਸੋਨਾ 0.31 ਫੀਸਦੀ ਵਧ ਕੇ 2,550.90 ਡਾਲਰ ਪ੍ਰਤੀ ਔਂਸ ‘ਤੇ ਕਾਰੋਬਾਰ ਕਰ ਰਿਹਾ ਹੈ। ਐਚਡੀਐਫਸੀ ਸਕਿਓਰਿਟੀਜ਼ ਦੇ ਸੀਨੀਅਰ ਕਮੋਡਿਟੀ ਵਿਸ਼ਲੇਸ਼ਕ ਸੌਮਿਲ ਗਾਂਧੀ ਨੇ ਕਿਹਾ, “ਅਮਰੀਕੀ ਡਾਲਰ ਵਿੱਚ ਗਿਰਾਵਟ ਦੇ ਕਾਰਨ ਬੁੱਧਵਾਰ ਨੂੰ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ। ਇਸ ਤੋਂ ਇਲਾਵਾ, ਸਟਾਕ ਮਾਰਕੀਟ ਵਿੱਚ ਵਿਕਰੀ ਅਤੇ ਜੋਖਮ ਤੋਂ ਬਚਣ ਕਾਰਨ ਸੋਨੇ ਵਰਗੀਆਂ ਸੁਰੱਖਿਅਤ ਜਾਇਦਾਦਾਂ ਵੱਲ ਪ੍ਰਵਾਹ ਹੋਇਆ,”।
ਧਨਤੇਰਸ ਤੱਕ ਸੋਨਾ ਕਿੱਥੇ ਜਾਵੇਗਾ?
ਕਮੋਡਿਟੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਵਿਸ਼ਵ ਬਾਜ਼ਾਰ ‘ਚ ਸੋਨੇ ਦੀ ਮੰਗ ‘ਚ ਲਗਾਤਾਰ ਵਾਧੇ ਕਾਰਨ ਤਿਉਹਾਰੀ ਸੀਜ਼ਨ ‘ਚ ਇਸ ਦੀਆਂ ਖੁਦਰਾ ਕੀਮਤਾਂ ਨਵੇਂ ਰਿਕਾਰਡ ਤੱਕ ਪਹੁੰਚ ਸਕਦੀਆਂ ਹਨ। ਧਨਤੇਰਸ ਅਤੇ ਦੀਵਾਲੀ ਸਮੇਤ ਕਈ ਵੱਡੇ ਤਿਉਹਾਰ ਆਉਣ ਵਾਲੇ ਹਨ, ਜਿਸ ਕਾਰਨ ਸੋਨੇ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ ਹੈ। ਅੰਦਾਜ਼ਾ ਹੈ ਕਿ ਦੀਵਾਲੀ ਤੱਕ ਇਹ 76 ਹਜ਼ਾਰ ਦੇ ਪੱਧਰ ਨੂੰ ਪਾਰ ਕਰ ਜਾਵੇਗਾ।