ਸੁਰੱਖਿਅਤ ਨਿਵੇਸ਼ ਦੇ ਰੂਪ ਵਿਚ ਸੋਨੇ ਦੀ ਕੀਮਤ ਨਵੇਂ ਸਾਲ ਵਿਚ ਰਿਕਾਰਡ ਤੋੜਦੀ ਰਹੇਗੀ ਅਤੇ ਇਹ 85,000 ਰੁਪਏ ਪ੍ਰਤੀ 10 ਗ੍ਰਾਮ ਤਕ ਪਹੁੰਚ ਸਕਦੀ ਹੈ। ਭੂ-ਰਾਜਨੀਤਕ ਤਣਾਅ ਅਤੇ ਵਿਸ਼ਵ ਆਰਥਕ ਅਨਿਸ਼ਚਿਤਤਾਵਾਂ ਦੇ ਵਿਚਕਾਰ, ਇਹ ਘਰੇਲੂ ਬਾਜ਼ਾਰ ਵਿਚ 90,000 ਰੁਪਏ ਦੇ ਪੱਧਰ ਤਕ ਵੀ ਜਾ ਸਕਦਾ ਹੈ।

    ਮੁਦਰਾ ਨੀਤੀ ’ਚ ਨਰਮ ਰੁਖ਼ ਅਤੇ ਕੇਂਦਰੀ ਬੈਂਕਾਂ ਦੁਆਰਾ ਖ਼੍ਰੀਦਦਾਰੀ ਕਾਰਨ ਵੀ ਇਸ ਦੀਆਂ ਕੀਮਤਾਂ ਵਧਣਗੀਆਂ। ਹਾਲਾਂਕਿ, ਇਕ ਵਾਰ ਭੂ-ਰਾਜਨੀਤਕ ਸੰਕਟ ਘੱਟ ਹੋਣ ਤੋਂ ਬਾਅਦ, ਰੁਪਏ ਵਿਚ ਗਿਰਾਵਟ ਰੁਕ ਜਾਵੇਗੀ, ਜਿਸ ਕਾਰਨ ਸੋਨੇ ਦੀ ਕੀਮਤ ਵਿਚ ਵੀ ਨਰਮੀ ਆ ਸਕਦੀ ਹੈ।

    ਮੌਜੂਦਾ ਸਮੇਂ ’ਚ ਮਲਟੀ ਕਮੋਡਿਟੀ ਐਕਸਚੇਂਜ (ਐਮਸੀਐਕਸ) ’ਤੇ ਫ਼ਿਊਚਰਜ਼ ਟਰੇਡਿੰਗ ’ਚ ਸਪਾਟ ਬਾਜ਼ਾਰ ’ਚ ਸੋਨੇ ਦੀ ਕੀਮਤ 79,350 ਰੁਪਏ ਪ੍ਰਤੀ 10 ਗ੍ਰਾਮ ਅਤੇ 76,600 ਰੁਪਏ ਪ੍ਰਤੀ 10 ਗ੍ਰਾਮ ਹੈ। ਇਸ ਸਾਲ 30 ਅਕਤੂਬਰ ਨੂੰ ਸੋਨੇ ਦੀ ਕੀਮਤ 82,400 ਰੁਪਏ ਪ੍ਰਤੀ 10 ਗ੍ਰਾਮ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ ਸੀ। ਚਾਂਦੀ ਵੀ ਪਿੱਛੇ ਨਹੀਂ ਰਹੀ ਅਤੇ 1 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ ਨੂੰ ਪਾਰ ਕਰ ਗਈ।

    ਵਿਸ਼ਵ ਪੱਧਰ ’ਤੇ, ਕਾਮੈਕਸ ਗੋਲਡ ਫ਼ਿਊਚਰਜ਼ ਨੇ ਸਾਲ ਦੀ ਸ਼ੁਰੂਆਤ ਲਗਭਗ 2,062 ਪ੍ਰਤੀ ਡਾਲਰ ਔਂਸ ਤੋਂ ਕੀਤੀ ਅਤੇ 31 ਅਕਤੂਬਰ ਨੂੰ 2,790 ਪ੍ਰਤੀ ਡਾਲਰ ਔਂਸ ਦੇ ਉੱਚ ਪੱਧਰ ’ਤੇ ਪਹੁੰਚ ਗਈ। ਮਾਹਰਾਂ ਦਾ ਮੰਨਣਾ ਹੈ ਕਿ ਭੂ-ਰਾਜਨੀਤਕ ਤਣਾਅ, ਕੇਂਦਰੀ ਬੈਂਕ ਦੀ ਖ਼੍ਰੀਦਦਾਰੀ ਅਤੇ ਪ੍ਰਮੁੱਖ ਕੇਂਦਰੀ ਬੈਂਕਾਂ ਦੁਆਰਾ ਵਿਆਜ ਦਰਾਂ ਨੂੰ ਘਟਾਉਣ ਵਲ ਕਦਮ ਵਧਣ ਕਾਰਨ ਸੋਨੇ ਦੀਆਂ ਕੀਮਤਾਂ 2025 ਵਿਚ ਰਿਕਾਰਡ ਬਣਾਉਂਦੀਆਂ ਰਹਿਣਗੀਆਂ।