ਨਵਾਂ ਸਾਲ ਆਉਣ ਨੂੰ ਕੁਝ ਹੀ ਦਿਨ ਬਾਕੀ ਹੈ, ਦੂਜਾ ਇਸੇ ਮਹੀਨੇ ਦੇ ਅਖੀਰ ਵਿੱਚ ਛੁੱਟੀਆਂ ਹੋਣ ਕਰਕੇ ਬਹੁਤ ਸਾਰੇ ਲੋਕ ਘੁੰਮਣ-ਫਿਰਨ ਦਾ ਟੂਰ ਬਣਾਉਂਦੇ ਹਨ ਤੇ ਕਈ ਤੀਰਥ ਸਥਾਨਾਂ ਦੇ ਦਰਸ਼ਨਾਂ ਲਈ ਨਿਕਲਦੇ ਹਨ। ਇਸ ਤੋਂ ਪਹਿਲਾਂ ਹੀ ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਲਈ ਖੁਸ਼ਖਬਰੀ ਆਈ ਹੈ। ਹੁਣ ਭਵਨ ਤੋਂ ਭੈਰੋ ਵੈਲੀ ਰੋਪਵੇਅ ਦੀ ਆਨਲਾਈਨ ਸੇਵਾ ਸ਼ੁਰੂ ਹੋ ਗਈ ਹੈ, ਜਿਸ ਕਰਕੇ ਹੁਣ ਉਨ੍ਹਾਂ ਨੂੰ ਖੜ੍ਹੇ ਹੋ ਕੇ ਲੰਮੀਆਂ ਲਾਈਨਾਂ ਵਿੱਚ ਉਡੀਕ ਕਰਨ ਦੀ ਲੋੜ ਨਹੀਂ ਪਏਗੀ।
ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਮੰਗਲਵਾਰ ਨੂੰ ਬੁਕਿੰਗ ਸਹੂਲਤ ਦਾ ਉਦਘਾਟਨ ਕੀਤਾ। ਸਿਨਹਾ ਨੇ ਕਿਹਾ ਕਿ ਸ਼੍ਰਾਈਨ ਬੋਰਡ ਸ਼ਰਧਾਲੂਆਂ ਨੂੰ ਬਿਹਤਰ ਯਾਤਰਾ ਸਹੂਲਤਾਂ ਪ੍ਰਦਾਨ ਕਰਨ ਲਈ ਯਤਨਸ਼ੀਲ ਹੈ। ਰੋਪਵੇਅ ਟਿਕਟ www.maavaishnodevi.org ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ‘ਤੇ ਉਪਲਬਧ ਹੋਵੇਗਾ।
ਵਰਨਣਯੋਗ ਹੈ ਕਿ ਭਵਨ-ਭੈਰੋ ਘਾਟੀ ਦੇ ਦਰਸ਼ਨ ਕਰਨ ਵਾਲੇ ਲਗਭਗ 800 ਸ਼ਰਧਾਲੂਆਂ ਲਈ ਇਹ ਸਹੂਲਤ ਰੋਜ਼ਾਨਾ 8 ਤੋਂ 10 ਘੰਟੇ ਲਈ ਉਪਲਬਧ ਹੈ। ਇਸ ਦੌਰਾਨ ਉਪ ਰਾਜਪਾਲ ਨੇ ਸ਼੍ਰਾਈਨ ਬੋਰਡ ਦੇ ਮੈਂਬਰਾਂ ਦੇ ਨਾਲ ਪੰਚਾਂਗ ਵੀ ਜਾਰੀ ਕੀਤਾ।