ਪੰਜਾਬ ਪੁਲਿਸ ਵਿੱਚ ਭਰਤੀ ਹੋਣ ਵਾਲੇ ਨੌਜਵਾਨਾਂ ਲਈ ਵੱਡੀ ਖ਼ੁਸ਼ਖਬਰੀ ਹੈ। ਪੰਜਾਬ ਪੁਲਿਸ ਨੇ ਕਾਂਸਟੇਬਲ ਦੀਆਂ 1746 ਖਾਲੀ ਅਸਾਮੀਆਂ ਨੂੰ ਭਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਨੋਟੀਫਿਕੇਸ਼ਨ ਮੁਤਾਬਕ ਇਸ ਭਰਤੀ ਲਈ ਅਰਜ਼ੀ ਪ੍ਰਕਿਰਿਆ 21 ਫ਼ਰਵਰੀ ਤੋਂ ਹੀ ਸ਼ੁਰੂ ਹੋ ਜਾਵੇਗੀ। ਕਾਂਸਟੇਬਲ ਦੀਆਂ ਅਸਾਮੀਆਂ ਲਈ ਯੋਗਤਾ ਦੇ ਮਾਪਦੰਡ ਪੂਰੇ ਕਰਨ ਵਾਲੇ ਉਮੀਦਵਾਰ ਅਰਜ਼ੀ ਪ੍ਰਕਿਰਿਆ ਸ਼ੁਰੂ ਹੁੰਦੇ ਹੀ ਅਪਲਾਈ ਕਰ ਸਕਦੇ ਹਨ।

    ਅਪਲਾਈ ਕਰਨ ਲਈ ਨੌਜਵਾਨਾਂ ਨੂੰ ਪੰਜਾਬ ਪੁਲਿਸ ਦੀ ਅਧਿਕਾਰਤ ਵੈੱਬਸਾਈਟ punjabpolice.gov.in ‘ਤੇ ਫ਼ਾਰਮ ਭਰਨੇ ਪੈਣਗੇ। ਇਸ ਅਸਾਮੀ ਲਈ ਅਰਜ਼ੀ ਫਾਰਮ ਭਰਨ ਦੀ ਆਖ਼ਰੀ ਤਾਰੀਕ 13 ਮਾਰਚ 2025 ਨਿਰਧਾਰਤ ਕੀਤੀ ਗਈ ਹੈ। ਨੌਜਵਾਨਾਂ ਨੂੰ ਭਰਤੀ ਪ੍ਰਕਿਰਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਇੱਕ ਹੈਲਪ ਡੈਸਕ ਵੀ ਸਥਾਪਤ ਕੀਤਾ ਗਿਆ ਹੈ। ਹੈਲਪ ਡੈਸਕ ਲਈ ਲੋਕਾਂ ਨੂੰ 022 -61306265 ਨੰਬਰ ‘ਤੇ ਕਾਲ ਕਰਨੀ ਪਵੇਗੀ।

    ਇਸ ਭਰਤੀ ਪ੍ਰਕਿਰਿਆ ਵਿੱਚ, ਜ਼ਿਲ੍ਹਾ ਕੇਡਰ ਵਿੱਚ 1216 ਅਤੇ ਆਰਮਡ ਪੁਲਿਸ ਕੇਡਰ ਵਿੱਚ 485 ਅਸਾਮੀਆਂ ਲਈ ਭਰਤੀ ਹੋਵੇਗੀ। ਭਰਤੀ ਲਈ ਘੱਟੋ-ਘੱਟ ਉਮਰ ਸੀਮਾ 18 ਸਾਲ ਅਤੇ ਵੱਧ ਤੋਂ ਵੱਧ 28 ਸਾਲ ਨਿਰਧਾਰਤ ਕੀਤੀ ਗਈ ਹੈ। ਰਿਜ਼ਰਵ ਸ਼੍ਰੇਣੀ ਨਾਲ ਸਬੰਧਤ ਬਿਨੈਕਾਰਾਂ ਨੂੰ ਪੰਜ ਸਾਲ ਦੀ ਛੋਟ ਦਿੱਤੀ ਜਾਵੇਗੀ। ਉਹ 33 ਸਾਲ ਦੀ ਉਮਰ ਤੱਕ ਅਰਜ਼ੀ ਦੇ ਸਕਣਗੇ।
    ਭਰਤੀ ਪ੍ਰਕਿਰਿਆ

    1. ਇਸ ਭਰਤੀ ਵਿੱਚ ਚੁਣੇ ਜਾਣ ਲਈ, ਉਮੀਦਵਾਰਾਂ ਨੂੰ ਪਹਿਲਾਂ ਲਿਖਤੀ ਪ੍ਰੀਖਿਆ ਦੇਣੀ ਪਵੇਗੀ।
    2. ਜਿਹੜੇ ਉਮੀਦਵਾਰ ਲਿਖਤੀ ਪ੍ਰੀਖਿਆ ਵਿੱਚ ਨਿਰਧਾਰਤ ਕੱਟਆਫ ਅੰਕ ਪ੍ਰਾਪਤ ਕਰਨਗੇ, ਉਨ੍ਹਾਂ ਨੂੰ ਭਰਤੀ ਦੇ ਅਗਲੇ ਪੜਾਅ ਯਾਨੀ ਸਰੀਰਕ ਸਕ੍ਰੀਨਿੰਗ ਟੈਸਟ (PST), ਸਰੀਰਕ ਮਾਪ ਟੈਸਟ (PMT) ਲਈ ਹਾਜ਼ਰ ਹੋਣਾ ਪਵੇਗਾ।
    3. ਇਸ ਪੜਾਅ ਵਿੱਚ ਸਫ਼ਲ ਹੋਣ ਵਾਲੇ ਉਮੀਦਵਾਰਾਂ ਨੂੰ ਮੈਡੀਕਲ ਟੈਸਟ ਅਤੇ ਦਸਤਾਵੇਜ਼ ਤਸਦੀਕ ਪ੍ਰਕਿਰਿਆ ਵਿੱਚ ਸ਼ਾਮਲ ਹੋਣਾ ਪਵੇਗਾ।
    4. ਸਾਰੇ ਪੜਾਵਾਂ ਵਿੱਚ ਸਫ਼ਲ ਉਮੀਦਵਾਰਾਂ ਨੂੰ ਅੰਤਿਮ ਮੈਰਿਟ ਸੂਚੀ ਵਿੱਚ ਜਗ੍ਹਾ ਦਿੱਤੀ ਜਾਵੇਗੀ।
    5. ਇਸ ਭਰਤੀ ਰਾਹੀਂ ਸੂਬੇ ਭਰ ਵਿੱਚ 1746 ਕਾਂਸਟੇਬਲ ਅਸਾਮੀਆਂ ‘ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ।
    6. ਉਮੀਦਵਾਰ ਭਰਤੀ ਨਾਲ ਸਬੰਧਤ ਵਧੇਰੇ ਜਾਣਕਾਰੀ ਲਈ ਅਧਿਕਾਰਤ ਵੈੱਬਸਾਈਟ ‘ਤੇ ਜਾ ਸਕਦੇ ਹਨ।