ਸ੍ਰੀ ਮੁਕਤਸਰ ਸਾਹਿਬ (ਵਿਪਨ ਮਿੱਤਲ) : ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਦੀ ਮਾਸਿਕ ਮੀਟਿੰਗ ਆਉਂਦੀ 11 ਨਵੰਬਰ ਸ਼ਨੀਵਾਰ ਨੂੰ ਸਥਾਨਕ ਕੋਟਕਪੂਰਾ ਰੋਡ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਸਵੇਰੇ 10:00 ਵਜੇ ਹੋਵੇਗੀ। ਮੀਟਿੰਗ ਦੀ ਪ੍ਰਧਾਨਗੀ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਕਰਮਜੀਤ ਸ਼ਰਮਾ ਕਰਨਗੇ, ਜਦੋਂ ਕਿ ਸਟੇਜ ਸਕੱਤਰ ਦੀ ਕਾਰਵਾਈ ਜਿਲ੍ਹਾ ਜਨਰਲ ਸਕੱਤਰ ਬਲਵੰਤ ਸਿੰਘ ਅਟਵਾਲ ਚਲਾਉਣਗੇ। ਮੀਟਿੰਗ ਦੌਰਾਨ ਸਿੱਖਿਆ, ਜਨ ਸਿਹਤ ਵਿਭਾਗ, ਪੰਜਾਬ ਰੋਡਵੇਜ਼, ਐਕਸਾਈਜ ਐਂਡ ਟੈਕਸਟੇਸ਼ਨ ਵਿਭਾਗ ਸਮੇਤ ਕਈ ਹੋਰ ਵਿਭਾਗਾਂ ਦੇ ਸੇਵਾ ਮੁਕਤ ਕਰਮਚਾਰੀ ਅਤੇ ਫੈਮਲੀ ਪੈਨਸ਼ਨਰਜ ਭਾਗ ਲੈਣਗੇ। ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਜਿਲ੍ਹਾ ਪ੍ਰੈਸ ਸਕੱਤਰ ਜਗਦੀਸ਼ ਰਾਏ ਢੋਸੀਵਾਲ ਨੇ ਦੱਸਿਆ ਹੈ ਕਿ ਮੀਟਿੰਗ ਦੌਰਾਨ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਬਾਰੇ ਸਰਕਾਰ ਦੇ ਨਾਂਹ ਪੱਖੀ ਰਵੱਈਏ ਸਬੰਧੀ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਐਸੋਸੀਏਸ਼ਨ ਵੱਲੋਂ ਅਗਲੇ ਮਹੀਨੇ ਪੈਨਸ਼ਨਰ ਡੇਅ ਮਨਾਉਣ ਬਾਰੇ ਵੀ ਗੱਲਬਾਤ ਕੀਤੀ ਜਾਵੇਗੀ। ਢੋਸੀਵਾਲ ਨੇ ਅੱਗੇ ਇਹ ਵੀ ਦੱਸਿਆ ਹੈ ਕਿ ਸਟੇਟ ਬਾਡੀ ਦੇ ਫੈਸਲੇ ਅਨੁਸਾਰ ਮੁਲਾਜ਼ਮਾਂ ਵੱਲੋਂ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੇ ਘਰ ਮੂਹਰੇ ਪੰਜਾਬ ਸਰਕਾਰ ਦੇ ਪੁਤਲੇ ਸਾੜਨ ਮੌਕੇ ਵੀ ਪੈਨਸ਼ਨਰ ਸ਼ਾਮਲ ਹੋਣਗੇ। ਐਸੋਸੀਏਸ਼ਨ ਵੱਲੋਂ ਸਮੂਹ ਪੈਨਸ਼ਨਰਾਂ ਅਤੇ ਸੇਵਾ ਮੁਕਤ ਕਰਮਚਾਰੀਆਂ ਨੂੰ ਮਾਸਿਕ ਮੀਟਿੰਗ ਵਿਚ ਸਮੇਂ ਸਿਰ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ।