ਜਲੰਧਰ-ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਦੀਵਾਨ ਸਜਾਏ ਗਏ। ਸਕੱਤਰ ਸ੍ਰ ਇੰਦਰਪਾਲ ਸਿੰਘ ਜੀ ਅਨੁਸਾਰ ਅੰਮ੍ਰਿਤ ਵੇਲੇ ਦੇ ਪਹਿਲੇ ਦੀਵਾਨ ਵਿਚ ਪੋਹ ਮਹੀਨੇ ਦੀ ਸੰਗਰਾਂਦ ਦੇ ਮੌਕੇ ਤੇ ਗੁਰਸ਼ਬਦ ਦੀ ਕਥਾ ਵੀਚਾਰ ਕੀਰਤਨ ਤੋਂ ਇਲਾਵਾ ਸ੍ਰ ਭੁਪਿੰਦਰ ਸਿੰਘ ਨਾਗਰਾ ਦੇ ਪ੍ਰਵਾਰ ਵਲੋਂ ਚੱਲ ਰਹੀ ਸਹਿਜ ਪਾਠਾਂ ਦੀ ਲੜੀ ਦੇ ਤਹਿਤ ਸਹਿਜ ਪਾਠਾਂ ਦੇ ਭੋਗ ਪੁਆਏ ਗਏ। ਸਮਾਪਤੀ ਉਪਰੰਤ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਉਪਰੰਤ ਸ਼ਹੀਦੀ ਦੀਵਾਨ ਦੀ ਆਰੰਭਤਾ ਬੀਬੀ ਰਣਧੀਰ ਕੌਰ ਖਾਲਸਾ ਦੇ ਢਾਡੀ ਜਥੇ ਨੇ ਬੀਰ ਰਸ ਵਿਚ ਵਾਰਾਂ ਸੁਣਾ ਕੇ ਕੀਤੀ। ਗਿਆਨੀ ਗੁਰਜੰਟ ਸਿੰਘ ਜੀ ਪਟਿਆਲੇ ਵਾਲਿਆਂ ਨੇ ਇਤਿਹਾਸ ਦੀ ਕਥਾ ਵੀਚਾਰ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਇਨ੍ਹਾਂ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਪ੍ਰਵਿੰਦਰਪਾਲ ਸਿੰਘ ਜੀ ਬੁੱਟਰ ਨੇ ਸ਼ਹੀਦੀ ਸਾਕੇ ਨਾਲ ਸਬੰਧਤ ਬੜੇ ਸੰਖੇਪ ਪਰ ਪ੍ਰਭਾਵਸ਼ਾਲੀ ਲਫ਼ਜ਼ਾਂ ਵਿਚ ਗੁਰਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਦੋਨੋਂ ਮਹਾਨ ਸ਼ਖ਼ਸੀਅਤਾਂ ਨੂੰ ਗੁਰਦੁਆਰਾ ਸਾਹਿਬ ਵਲੋਂ ਦੋਨੋਂ ਬੇਅੰਤ ਸਿੰਘ ਸਰਹੱਦੀ, ਸੁਰਜੀਤ ਸਿੰਘ ਚੀਮਾ ਚੇਅਰਮੈਨ ਹਸਪਤਾਲ ਕਮੇਟੀ, ਪ੍ਰਧਾਨ ਸ੍ਰ ਗੁਰਕਿਰਪਾਲ ਸਿੰਘ, ਕੋਰ ਕਮੇਟੀ ਦੇ ਚੇਅਰਮੈਨ ਸ੍ਰ ਹਰਜੀਤ ਸਿੰਘ ਐਡਵੋਕੇਟ, ਖਜਾਨਚੀ ਜਗਜੀਤ ਸਿੰਘ, ਗੁਰਜੀਤ ਸਿੰਘ ਪੋਪਲੀ, ਜਤਿੰਦਰ ਸਿੰਘ ਮਝੈਲ ਨੇ ਉਨ੍ਹਾਂ ਨੂੰ ਗੁਰੂ ਘਰ ਵਲੋਂ ਸ੍ਰੀ ਸਾਹਿਬ, ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਅਖੀਰ ਵਿਚ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਭੁਪਿੰਦਰ ਸਿੰਘ ਜੀ ਦੇ ਜੱਥੇ ਨੇ ਰਸਭਿੰਨੇ ਕੀਰਤਨ ਦੀ ਛਹਿਬਰ ਲਗਾਈ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰ ਗੁਰਕਿਰਪਾਲ ਸਿੰਘ ਨੇ ਸਮੂਹ ਸੰਗਤਾਂ, ਰਾਗੀ ਜੱਥਿਆਂ, ਪ੍ਰਚਾਰਕਾਂ, ਅਤੇ ਸਿੰਘ ਸਾਹਿਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਜਿਨ੍ਹਾਂ ਨੇ ਆਪਣਾ ਆਪ ਪੰਥ ਤੋਂ ਨਿਛਾਵਰ ਕਰ ਕੇ ਸਾਨੂੰ ਇੱਜ਼ਤ ਅਤੇ ਅਣਖ ਨਾ ਜੀਉਣਾ ਸਿਖਾਇਆ। ਸਾਡੀ ਕੌਮ ਵਿੱਚ ਪਤਿਤਪੁਣੇ ਦਾ ਜ਼ੋ ਰੁਝਾਨ ਪੈਦਾ ਹੋਇਆ ਹੈ ਇਸ ਨੂੰ ਠੱਲ ਪਾਉਣ ਦੀ ਲੋੜ ਹੈ।
ਅੱਜ ਦੇ ਸ਼ਹੀਦੀ ਦੀਵਾਨ ਦੀ ਸਮੁੱਚੀ ਸੇਵਾ ਪੰਥਕ ਵਿਦਵਾਨ ਅਤੇ ਗੁਰੂ ਘਰ ਦੇ ਅਨਿਨ ਸੇਵਕ ਗਿਆਨੀ ਕੁਲਵਿੰਦਰ ਸਿੰਘ ਜੀ ਭੋਗਪੁਰ ਵਾਲਿਆਂ ਨੇ ਕੀਤੀ। ਗੁਰਦੁਆਰਾ ਸਾਹਿਬ ਵਲੋਂ ਉਨ੍ਹਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਟੇਜ ਦੀ ਸੇਵਾ ਸ੍ਰ ਇੰਦਰਪਾਲ ਸਿੰਘ ਨੇ ਨਿਭਾਈ। ਵੱਡੀ ਗਿਣਤੀ ਵਿਚ ਸੰਗਤਾਂ ਨੇ ਦੀਵਾਨ ਦੀ ਹਾਜ਼ਰੀ ਭਰਦੇ ਹੋਏ ਸ਼ਹੀਦਾਂ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਸਮਾਪਤੀ ਉਪਰੰਤ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਲੰਗਰ ਬਨਾਉਣ ਦੀ ਸੇਵਾ ਗੁਰਬਚਨ ਸਿੰਘ ਗੁਲਾਟੀ ਦੀ ਅਗਵਾਈ ਵਿੱਚ ਨਿਰਵੈਰ ਸੇਵਾ ਸੁਸਾਇਟੀ ਵਲੋਂ ਬੜੇ ਪਿਆਰ ਅਤੇ ਸਤਿਕਾਰ ਸਹਿਤ ਨਿਸ਼ਕਾਮ ਭਾਵਨਾ ਨਾਲ ਕੀਤੀ ਗਈ।