ਸਾਊਦੀ ਅਰਬ ‘ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਕੇਰਲ ਦੇ ਇਕ ਵਿਅਕਤੀ ਨੂੰ ਬਚਾਉਣ ਲਈ ਸੂਬੇ ਦੇ ਲੋਕਾਂ ਨੇ ਦਾਨ ਦੇ ਜ਼ਰੀਏ 34 ਕਰੋੜ ਰੁਪਏ ਇਕੱਠੇ ਕੀਤੇ। ਏਕਤਾ ਦੇ ਪ੍ਰਦਰਸ਼ਨ ਵਿਚ, ਕੇਰਲ ਵਿਚ ਲੋਕ ਕੋਝੀਕੋਡ ਦੇ ਰਹਿਣ ਵਾਲੇ ਅਬਦੁਲ ਰਹੀਮ ਨੂੰ ਬਚਾਉਣ ਲਈ ਇਕੱਠੇ ਹੋਏ ਹਨ। ਸਜ਼ਾ ਤੋਂ ਬਚਣ ਲਈ ਰਹੀਮ ਨੂੰ 18 ਅਪ੍ਰੈਲ ਤੋਂ ਪਹਿਲਾਂ ‘ਬਲੱਡ ਮਨੀ’ ਵਜੋਂ ਲਗਭਗ 34 ਕਰੋੜ ਰੁਪਏ ਅਦਾ ਕਰਨੇ ਪੈਣੇ ਸਨ। ‘ਬਲੱਡ ਮਨੀ’ ਦਾ ਮਤਲਬ ਸਜ਼ਾ ਤੋਂ ਬਚਣ ਲਈ ਪੀੜਤ ਪਰਿਵਾਰ ਨੂੰ ਪੈਸੇ ਦੇਣੇ ਪੈਂਦੇ ਹਨ। ਰਹੀਮ 2006 ‘ਚ ਇਕ ਲੜਕੇ ਦੇ ਕਤਲ ਦੇ ਦੋਸ਼ ‘ਚ 18 ਸਾਲਾਂ ਤੋਂ ਸਾਊਦੀ ਅਰਬ ਦੀ ਜੇਲ ‘ਚ ਬੰਦ ਹੈ।

    ਸਥਾਨਕ ਲੋਕਾਂ ਨੇ ਦਸਿਆ ਕਿ ਰਹੀਮ ਨੂੰ 2006 ਵਿਚ ਸਾਊਦੀ ਅਰਬ ਵਿਚ ਇਕ ਅਪਾਹਜ ਲੜਕੇ ਦੀ ਦੁਰਘਟਨਾ ਵਿਚ ਮੌਤ ਤੋਂ ਬਾਅਦ ਜੇਲ੍ਹ ਵਿਚ ਬੰਦ ਕਰ ਦਿਤਾ ਗਿਆ ਸੀ, ਜਿਸ ਦੀ ਉਹ ਦੇਖਭਾਲ ਕਰ ਰਿਹਾ ਸੀ। ਰਹੀਮ ਨੂੰ 2018 ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ ਕਿਉਂਕਿ ਲੜਕੇ ਦੇ ਪਰਿਵਾਰ ਨੇ ਮੁਆਫੀ ਦੇਣ ਤੋਂ ਇਨਕਾਰ ਕਰ ਦਿਤਾ ਸੀ। ਅਬਦੁਲ ਰਹੀਮ ਲੜਕੇ ਦੇ ਕਤਲ ਦੇ ਦੋਸ਼ ਵਿਚ ਸਾਊਦੀ ਵਿਚ 18 ਸਾਲ ਜੇਲ੍ਹ ਵਿਚ ਕੱਟ ਚੁੱਕਾ ਹੈ। ਰਹੀਮ ਲਈ ਪੈਸੇ ਇਕੱਠੇ ਕਰਨ ਵਾਲਿਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੰਜ ਦਿਨ ਪਹਿਲਾਂ ਤਕ ਰਹੀਮ ਦੀ ਰਿਹਾਈ ਲਈ ਮਾਮੂਲੀ ਰਕਮ ਹੀ ਇਕੱਠੀ ਕੀਤੀ ਜਾ ਸਕੀ ਸੀ, ਪਰ ਜਿਵੇਂ-ਜਿਵੇਂ ਮੁਹਿੰਮ ਨੇ ਤੇਜ਼ੀ ਫੜੀ, ਕੇਰਲ ਸਮੇਤ ਦੁਨੀਆਂ ਭਰ ਤੋਂ ਮਦਦ ਆਉਣੀ ਸ਼ੁਰੂ ਹੋ ਗਈ।

    ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਮੀਡੀਆ ਨੂੰ ਦਸਿਆ ਕਿ ਅਬਦੁਲ ਦੀਆਂ ਅਪੀਲਾਂ ਨੂੰ ਚੋਟੀ ਦੀਆਂ ਅਦਾਲਤਾਂ ਨੇ ਰੱਦ ਕਰ ਦਿਤਾ ਸੀ, ਪਰ ਪਰਿਵਾਰ ਨੇ ਬਾਅਦ ਵਿਚ ਇਸ ਗੱਲ ‘ਤੇ ਸਹਿਮਤੀ ਪ੍ਰਗਟਾਈ ਕਿ ਰਹੀਮ ਨੂੰ ‘ਬਲੱਡ ਮਨੀ’ ਅਦਾ ਕਰਨ ‘ਤੇ ਮਾਫ਼ ਕਰ ਦਿਤਾ ਜਾਵੇਗਾ। ਕਮੇਟੀ ਦੇ ਇਕ ਮੈਂਬਰ ਨੇ ਮੀਡੀਆ ਨੂੰ ਦਸਿਆ, “ਰਿਆਦ ਵਿੱਚ 75 ਤੋਂ ਵੱਧ ਸੰਸਥਾਵਾਂ, ਕੇਰਲ ਦੇ ਕਾਰੋਬਾਰੀ ਬੌਬੀ ਚੇਮਨੂਰ, ਰਾਜ ਦੇ ਵੱਖ-ਵੱਖ ਰਾਜਨੀਤਿਕ ਸੰਗਠਨਾਂ, ਆਮ ਲੋਕਾਂ ਨੇ ਫੰਡ ਇਕੱਠਾ ਕਰਨ ਵਿਚ ਸਾਡੀ ਮਦਦ ਕੀਤੀ।”

    ਅਬਦੁਲ ਦੀ ਮਾਂ ਨੇ ਕਿਹਾ ਕਿ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇੰਨੀ ਰਕਮ ਇਕੱਠੀ ਹੋ ਸਕਦੀ ਹੈ। ਉਨ੍ਹਾਂ ਕਿਹਾ, “ਮੈਨੂੰ ਕੋਈ ਉਮੀਦ ਨਹੀਂ ਸੀ ਕਿਉਂਕਿ ਸਾਡੇ ਕੋਲ 34 ਕਰੋੜ ਰੁਪਏ ਜੁਟਾਉਣ ਦਾ ਕੋਈ ਸਾਧਨ ਨਹੀਂ ਸੀ। ਪਰ ਕਿਸੇ ਤਰ੍ਹਾਂ ਇਹ ਸਭ ਸੰਭਵ ਹੋ ਗਿਆ।”