ਜਲੰਧਰ (ਜੀਵਨ ਜੋਤੀ ਟੰਡਨ): ਪਾਰਸ ਐਸਟੇਟ ‘ਚ 13 ਸਾਲਾ ਮਾਸੂਮ ਬੱਚੀ ਦੀ ਹੱਤਿਆ ਮਾਮਲੇ ਨੇ ਸਾਰੇ ਜਲੰਧਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਸੰਬੰਧੀ ਮੁੱਖ ਆਰੋਪੀ ਹਰਮਿੰਦਰ ਸਿੰਘ ਰਿਪੀ ਨੂੰ ਅਦਾਲਤ ਵੱਲੋਂ ਪੁਲਿਸ ਦੇ ਹਵਾਲੇ 9 ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ, ਤਾਂ ਜੋ ਹੋਰ ਗਹਿਰਾਈ ਨਾਲ ਪੁੱਛਗਿੱਛ ਕਰ ਕੇ ਸਾਜ਼ਿਸ਼ ਤੇ ਤੱਥਾਂ ਦਾ ਖੁਲਾਸਾ ਕੀਤਾ ਜਾ ਸਕੇ। ਵਾਰਡ ਨੰਬਰ 50 ਤੋਂ ਕੌਂਸਲਰ ਅਤੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਮਨਜੀਤ ਸਿੰਘ ਟੀਟੂ ਨੇ ਇਸ ਘਿਨੌਣੀ ਘਟਨਾ ਦੀ ਕੜੀ ਨਿੰਦਾ ਕਰਦਿਆਂ ਕਿਹਾ: “ਇੱਕ ਮਾਸੂਮ ਬੱਚੀ ਨਾਲ ਹੋਇਆ ਇਹ ਜੁਲਮ ਪੂਰੀ ਮਨੁੱਖਤਾ ਲਈ ਕਾਲਾ ਦਿਨ ਹੈ। ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ ਅਤੇ ਪੁਲਿਸ ਇਸ ਮਾਮਲੇ ‘ਚ ਕੋਈ ਵੀ ਕਸਰ ਨਾ ਛੱਡੇ। ਮੈਂ ਮੰਗ ਕਰਦਾ ਹਾਂ ਕਿ ਇਸ ਕੇਸ ਨੂੰ ਫਾਸਟ ਟਰੈਕ ਕੋਰਟ ‘ਚ ਚਲਾਇਆ ਜਾਵੇ ਤਾਂ ਜੋ ਪੀੜਤ ਪਰਿਵਾਰ ਨੂੰ ਜਲਦੀ ਇਨਸਾਫ ਮਿਲ ਸਕੇ। ਜਲੰਧਰ ‘ਚ ਮਰਯਾਦਾ ਭੰਗ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ।” ਟੀਟੂ ਜੀ ਨੇ ਇਹ ਵੀ ਕਿਹਾ ਕਿ ਉਹ ਪੀੜਤ ਪਰਿਵਾਰ ਨਾਲ ਖੜੇ ਹਨ। ਘਟਨਾ ਤੋਂ ਬਾਅਦ ਇਲਾਕੇ ‘ਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕਾਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਦੋਸ਼ੀ ਦੇ ਪੂਰੇ ਨੈੱਟਵਰਕ ਦੀ ਜਾਂਚ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ।