ਕਥਿਤ ਜ਼ਮੀਨ ਘੁਟਾਲੇ ਬਾਰੇ ਪੁੱਛ-ਪੜਤਾਲ ਕਰਨ ਲਈ ਈਡੀ ਦੀ ਟੀਮ ਬੁੱਧਵਾਰ ਦੁਪਹਿਰ ਕਰੀਬ 1.30 ਵਜੇ ਹੇਮੰਤ ਸੋਰੇਨ ਦੇ ਘਰ ਪਹੁੰਚੀ ਸੀ। ਜਾਂਚ ਏਜੰਸੀ ਨੇ ਹੇਮੰਤ ਸੋਰੇਨ ਤੋਂ ਕਰੀਬ 8 ਘੰਟੇ ਪੁੱਛਗਿੱਛ ਕੀਤੀ। ਲੰਬੀ ਪੁੱਛਗਿੱਛ ਤੋਂ ਬਾਅਦ ਹੇਮੰਤ ਸੋਰੇਨ ਰਾਜ ਭਵਨ ਪਹੁੰਚੇ ਅਤੇ ਝਾਰਖੰਡ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਸਵਾਲ-ਜਵਾਬ ਤੋਂ ਬਾਅਦ ਹੇਮੰਤ ਸੋਰੇਨ ਜਿੱਤ ਦੇ ਨਿਸ਼ਾਨ ਦਿਖਾਉਂਦੇ ਹੋਏ ਰਾਜ ਭਵਨ ਪਹੁੰਚੇ। ਵਿਧਾਇਕਾਂ ਦੀਆਂ ਗੱਡੀਆਂ ਨੂੰ ਰਾਜ ਭਵਨ ਦੇ ਬਾਹਰ ਰੋਕ ਲਿਆ ਗਿਆ। ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜੇਸ਼ ਠਾਕੁਰ ਨੇ ਪੁਸ਼ਟੀ ਕੀਤੀ ਕਿ ਹੇਮੰਤ ਸੋਰੇਨ ਨੇ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਚੰਪਾਈ ਸੋਰੇਨ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਹੈ। ਭਾਵ ਹੇਮੰਤ ਸੋਰੇਨ ਦੇ ਅਸਤੀਫੇ ਤੋਂ ਬਾਅਦ ਉਹ ਝਾਰਖੰਡ ਦੇ ਨਵੇਂ ਮੁੱਖ ਮੰਤਰੀ ਹੋਣਗੇ। ਹੇਮੰਤ ਸੋਰੇਨ ਦੇ ਅਸਤੀਫੇ ਤੋਂ ਬਾਅਦ ਰਾਜ ਭਵਨ ਦੇ ਬਾਹਰ ਹਲਚਲ ਤੇਜ਼ ਹੋ ਗਈ ਹੈ।