ਮੋਗਾ : ਮੋਗਾ ਕੋਟਕਪੂਰਾ ਬਾਈਪਾਸ ਪੁਲ ‘ਤੇ ਅੱਜ ਸਵੇਰੇ ਇਕ ਗੰਭੀਰ ਸੜਕ ਹਾਦਸਾ ਹੋਣ ਤੋਂ ਬਚ ਗਿਆ। ਜਦੋਂ ਟਮਾਟਰਾਂ ਨਾਲ ਲੱਦੀ ਪਿਕਅਪ ਗੱਡੀ ਅਚਾਨਕ ਅਣਸੰਤੁਲਿਤ ਹੋ ਕੇ ਪਲਟ ਗਈ। ਹਾਦਸੇ ਕਾਰਨ ਸੜਕ ‘ਤੇ ਵੱਡੀ ਮਾਤਰਾ ਵਿੱਚ ਟਮਾਟਰ ਖਿਲਰ ਗਏ, ਜਿਸ ਕਾਰਨ ਟਰੈਫਿਕ ਵਿੱਚ ਰੁਕਾਵਟ ਆ ਗਈ ਅਤੇ ਵੱਡੇ ਹਾਦਸੇ ਦਾ ਖਤਰਾ ਬਣ ਗਿਆ। ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਸਮਾਜ ਸੇਵਾ ਸੁਸਾਇਟੀ ਦੇ ਮੈਂਬਰ ਤੁਰੰਤ ਮੌਕੇ ‘ਤੇ ਪਹੁੰਚੇ। ਉਨ੍ਹਾਂ ਸਭ ਤੋਂ ਪਹਿਲਾਂ ਡਰਾਈਵਰ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਮੋਗਾ ਦੇ ਐਮਰਜੈਂਸੀ ਵਾਰਡ ‘ਚ ਦਾਖਲ ਕਰਵਾਇਆ।ਇਸ ਤੋਂ ਬਾਅਦ, ਨਗਰ ਨਿਗਮ ਦੀ ਫਾਇਰ ਬ੍ਰਿਗੇਡ ਦੀ ਮਦਦ ਨਾਲ ਸੜਕ ‘ਤੇ ਪਏ ਟਮਾਟਰਾਂ ਨੂੰ ਪਾਣੀ ਨਾਲ ਹਟਾਇਆ ਗਿਆ, ਤਾਂ ਜੋ ਹੋਰ ਕੋਈ ਅਣਚਾਹੀ ਘਟਨਾ ਨਾ ਵਾਪਰੇ। ਇਸ ਮੌਕੇ ਮੇਅਰ ਬਲਜੀਤ ਸਿੰਘ ਚਾਨੀ ਅਤੇ ਸੋਸਾਇਟੀ ਦੇ ਮੈਂਬਰਾਂ ਨੇ ਐਮਰਜੈਂਸੀ ਵਿੰਚ ਮਸ਼ੀਨ ਦੀ ਮਦਦ ਨਾਲ ਪਲਟੀ ਹੋਈ ਗੱਡੀ ਨੂੰ ਸਿੱਧਾ ਕਰਵਾਇਆ ਅਤੇ ਸੜਕ ਨੂੰ ਪੂਰੀ ਤਰ੍ਹਾਂ ਸਾਫ ਕਰਵਾ ਕੇ ਟਰੈਫਿਕ ਮੁੜ ਨਾਰਮਲ ਕਰਵਾਇਆ।ਸਮਾਜ ਸੇਵਾ ਸੁਸਾਇਟੀ ਦੀ ਇਹ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਸਰਾਹਣਯੋਗ ਹੈ, ਜਿਸ ਨਾਲ ਇੱਕ ਵੱਡੀ ਦੁਰਘਟਨਾ ਟਲ ਗਈ ਅਤੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਹੋਈ।