ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰ ਤੋਂ ਚੱਲ ਰਹੇ ਹੈਰੋਇਨ ਦੇ ਨੈੱਟਵਰਕ ਨੂੰ ਤੋੜਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਰਣਜੀਤ ਸਿੰਘ ਉਰਫ਼ ਚੀਤਾ ਵਾਸੀ ਸਰਾਏ ਅਮਾਨਤ ਖਾਂ ਦੇ ਦੋ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜੋ 2019 ਵਿਚ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਤੋਂ ਭਾਰਤ ਪਹੁੰਚੀ 532 ਕਿਲੋ ਹੈਰੋਇਨ ਦਾ ਸਰਗਨਾ ਸੀ। ਇਹ ਪੂਰਾ ਨੈੱਟਵਰਕ ਮਲੇਸ਼ੀਆ ਤੋਂ ਚਲਾਇਆ ਜਾ ਰਿਹਾ ਸੀ। ਫਿਲਹਾਲ ਪੁਲਿਸ ਦੋਸ਼ੀਆਂ ਤੋਂ ਪੁੱਛਗਿੱਛ ਕਰਨ ‘ਚ ਲੱਗੀ ਹੋਈ ਹੈ।
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦਸਿਆ ਕਿ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ 4 ਕਿਲੋ ਹੈਰੋਇਨ ਅਤੇ 3 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਜ਼ਬਤ ਕੀਤੀ ਗਈ ਹੈਰੋਇਨ ਸਰਹੱਦ ਪਾਰ ਤੋਂ ਭਾਰਤ ਆਈ ਸੀ। ਫੜੇ ਗਏ ਤਸਕਰਾਂ ਦੇ ਪਾਕਿਸਤਾਨ ਵਿਚ ਬੈਠੇ ਸਮੱਗਲਰਾਂ ਨਾਲ ਸਿੱਧੇ ਸੰਪਰਕ ਹਨ।
ਤਰਨਤਾਰਨ ਇਲਾਕੇ ਵਿਚ ਸਰਹੱਦ ਪਾਰੋਂ ਪਾਕਿਸਤਾਨ ਤੋਂ ਨਸ਼ੇ ਪਹੁੰਚਾਉਣ ਲਈ ਡਰੋਨ ਦੀ ਵਰਤੋਂ ਕੀਤੀ ਜਾਂਦੀ ਸੀ। ਇਹ ਮਾਡਿਊਲ ਮਲੇਸ਼ੀਆ ਸਥਿਤ ਇਕ ਚੋਟੀ ਦੇ ਸਮੱਗਲਰ ਦੁਆਰਾ ਚਲਾਇਆ ਜਾਂਦਾ ਹੈ ਜੋ ਕਈ ਨਸ਼ੀਲੇ ਪਦਾਰਥਾਂ ਦੇ ਮਾਮਲਿਆਂ ਵਿਚ ਲੋੜੀਂਦਾ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਅਕਾਸ਼ਦੀਪ ਸਿੰਘ ਉਰਫ ਅਕਾਸ਼ ਅਤੇ ਕੁਲਦੀਪ ਸਿੰਘ ਉਰਫ ਗੋਰਾ ਵਾਸੀ ਸਰਾਏ ਅਮਾਨਤ ਖਾਂ ਤਰਨਤਾਰਨ ਵਜੋਂ ਹੋਈ ਹੈ। ਦੋਵਾਂ ਵਿਰੁਧ ਪਹਿਲਾਂ ਹੀ ਲੜਾਈ ਝਗੜੇ ਅਤੇ ਐਨਡੀਪੀਐਸ ਦੇ ਕੇਸ ਦਰਜ ਹਨ। ਸੂਚਨਾ ਦੇ ਆਧਾਰ ‘ਤੇ ਦੋਵਾਂ ਨੂੰ ਪੁਲਿਸ ਨੇ ਬੀ-ਬਲਾਕ ਗੇਟ ਹਕੀਮਾ ਤੋਂ ਕਾਬੂ ਕੀਤਾ। ਇਹ ਦੋਵੇਂ ਰਣਜੀਤ ਸਿੰਘ ਉਰਫ਼ ਚੀਤਾ ਦੇ ਨਜ਼ਦੀਕੀ ਗੁਰਪ੍ਰੀਤ ਸਿੰਘ ਗੋਪਾ ਦੇ ਰਿਸ਼ਤੇਦਾਰ ਹਨ ਅਤੇ ਮਲੇਸ਼ੀਆ ਗਏ ਹੋਏ ਸਨ।
ਪੁਲਿਸ ਨੇ ਦਸਿਆ ਕਿ ਦੋਵੇਂ ਤਰਨਤਾਰਨ ਦੇ ਵਸਨੀਕ ਹਨ, ਪਰ ਪੰਜਾਬ ਦੇ ਕਿਸੇ ਹੋਰ ਸ਼ਹਿਰ ਵਿਚ ਕਿਰਾਏ ’ਤੇ ਰਹਿ ਰਹੇ ਸਨ। ਸਾਰਾ ਨੈੱਟਵਰਕ ਉਸ ਕਮਰੇ ਤੋਂ ਹੀ ਚੱਲ ਰਿਹਾ ਸੀ ਅਤੇ ਉਹ ਪਾਕਿਸਤਾਨ ਤੋਂ ਆਉਣ ਵਾਲੀਆਂ ਖੇਪਾਂ ਨੂੰ ਉਥੇ ਸਟੋਰ ਕਰ ਰਹੇ ਸਨ। ਪੁਲਿਸ ਦੀ ਇਕ ਟੀਮ ਵੀ ਉਸ ਕਮਰੇ ਦੀ ਤਲਾਸ਼ੀ ਲਈ ਰਵਾਨਾ ਹੋ ਗਈ ਹੈ। ਉਮੀਦ ਹੈ ਕਿ ਆਉਣ ਵਾਲੇ ਦਿਨਾਂ ‘ਚ ਕੁੱਝ ਹੋਰ ਤਸਕਰ ਵੀ ਫੜੇ ਜਾਣਗੇ।