ਜਲੰਧਰ(ਵਿੱਕੀ ਸੂਰੀ ):- ਜਲੰਧਰ ਦੇ ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਚਰਨ ਕੰਵਲ ਸਾਹਿਬ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਪੁੱਤਰਾਂ ਦੇ ਦਾਤੇ, ਮੀਰੀ ਪੀਰੀ ਦੇ ਮਾਲਕ, ਧੰਨ ਧੰਨ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਦਰਵੇਸ਼ ਵਿਖੇ ਚਰਨ ਪਾਵਨ ਦਿਵਸ 2 ਤੋਂ 11 ਅਗਸਤ ਤਕ ਜੋਸ਼ੋ-ਖਰੋਸ਼ ਨਾਲ ਮਨਾਇਆ ਜਾ ਰਿਹਾ ਹੈ। ਉਕਤ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਹਰਜੀਤ ਸਿੰਘ ਬਾਬਾ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਸਬੰਧੀ ਪ੍ਰਭਾਤ ਫੇਰੀਆਂ 2 ਤੋਂ 7 ਅਗਸਤ ਤਕ ਕੱਢੀਆਂ ਜਾਣਗੀਆਂ ।
ਪ੍ਰਭਾਤਫੇਰੀ ਰੋਜ਼ਾਨਾ ਸਵੇਰੇ 5 ਵਜੇ ਆਰੰਭ ਹੋਇਆ ਕਰੇਗੀ ਅਤੇ ਇਲਾਕੇ ਦੀ ਪਰਿਕਰਮਾ ਉਪ ਰੰਤ ਗੁਰਦੁਆਰਾ ਸਾਹਿਬ ਪੁੱਜ ਕੇ ਸਮਾਪਤ ਹੋਇਆ ਕਰੇਗੀ। ਉਨ੍ਹਾਂ ਦੱਸਿਆ ਕਿ ਸਿੱਖ ਯੂਥ ਕਲੱਬ ਅਤੇ ਅੰਮ੍ਰਿਤ ਕੰਪਿਊਟਰਜ਼ ਵੱਲੋਂ ਜੁਝਾਰ ਖਾਲਸਾ ਸੇਵਾ ਦਲ ਦੇ ਸਹਿਯੋਗ ਨਾਲ ਨੌਜਵਾਨਾਂ ਵਿਚ ਸੁੰਦਰ ਦਸਤਾਰ ਸਜਾਉਣ ਦੀ ਇੱਛਾ ਜਗਾਉਣ ਅਤੇ ਉਨ੍ਹਾਂ ਨੂੰ ਸਿਖਲਾਈ ਦੇਣ ਲਈ 2 ਤੋਂ 9 ਅਗਸਤ ਤਕ ਇਕ ਦਸਤਾਰ ਸਿਖਲਾਈ ਕੈਂਪ ਲਾਇਆ ਜਾ ਰਿਹਾ ਹੈ। ਸੇਵਾ ਦਲ ਦੇ ਉਤਸ਼ਾਹੀ ਨੌਜਵਾਨ ਰੋਜ਼ਾਨਾ ਰਾਤੀਂ 7 ਤੋਂ 8.30 ਵਜੇ ਤਕ ਨੌਜਵਾਨਾਂ ਨੂੰ ਦਸਤਾਰ ਸਜਾਉਣ ਦੀ ਸਿਖਲਾਈ ਦੇਣਗੇ। ਇਸ ਤੋਂ ਇਲਾਵਾ 4 ਅਗਸਤ ਨੂੰ ਰਾਤ 7 ਤੋਂ 9.30 ਵਜੇ ਤਕ ਮੱਸਿਆ ਦੇ ਦੀਵਾਨ ਸਜਾਏ ਜਾਣਗੇ | 7 ਅਗਸਤ ਨੂੰ ਸ਼ਹਿਰ ‘ਚ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਵੇਗਾ |ਗੁਰਦੁਆਰਾ ਚਰਨ ਕੰਵਲ ਸਾਹਿਬ ਦੇ ਪ੍ਰਧਾਨ ਮਨਜੀਤ ਸਿੰਘ ਟੀਟੂ ਅਤੇ ਕਮੇਟੀ ਮੈਂਬਰ ਰਣਜੀਤ ਸਿੰਘ ਸੰਤ ਹਨ, ਹਰਜੀਤ ਸਿੰਘ ਬਾਬਾ, ਅਮਰਪ੍ਰੀਤ ਸਿੰਘ , ਇੰਦਰਜੀਤ ਸਿੰਘ ਬੱਬਰ, ਗੁਰਸ਼ਰਨ ਸਿੰਘ ਸ਼ਨੂ ਹਨ।