ਸ੍ਰੀ ਮੁਕਤਸਰ ਸਾਹਿਬ, 28 ਅਕਤੂਬਰ (ਵਿਪਨ ਕੁਮਾਰ ਮਿੱਤਲ) ਤਿਉਹਾਰਾਂ ਦੇ ਚੱਲ ਰਹੇ ਮੌਜੂਦਾ ਸੀਜ਼ਨ ਦੌਰਾਨ ਹਰੇਕ ਘਰ ਵਿਚ ਨਵੀਆਂ ਚੀਜ਼ਾਂ ਦੀ ਖਰੀਦਦਾਰੀ ਕੀਤੀ ਜਾਂਦੀ ਹੈ। ਮਠਿਆਈ, ਫਲ, ਸੁੱਕੇ ਮੇਵੇ ਅਤੇ ਹੋਰ ਤਰ੍ਹਾਂ ਦੇ ਤੋਹਫਿਆਂ ਦਾ ਅਦਾਨ ਪ੍ਰਦਾਨ ਕੀਤਾ ਜਾਂਦਾ ਹੈ। ਆਤਿਸ਼ਬਾਜੀ ਅਤੇ ਪਟਾਕੇ ਆਦਿ ਚਲਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਅਜਿਹੇ ਮੌਕਿਆਂ ਉਪਰ ਸ਼ਾਸਨ ਪ੍ਰਸ਼ਾਸਨ ਵੱਲੋਂ ਅਮਨ ਸ਼ਾਂਤੀ ਬਣਾਏ ਰੱਖਣ ਅਤੇ ਆਮ ਲੋਕਾਂ ਦੀ ਸਿਹਤ ਦਾ ਧਿਆਨ ਰੱਖਣ ਲਈ ਵਿਸ਼ੇਸ਼ ਹਿਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਮਠਿਆਈ ਬਨਾਉਣ ਵਾਲੇ ਦੁਕਾਨਦਾਰਾਂ ਲਈ ਸਪੈਸ਼ਲ ਆਦੇਸ਼ ਜਾਰੀ ਕੀਤੇ ਜਾਂਦੇ ਹਨ। ਗੁਰਪੁਰਬ, ਕਰਵਾਚੌਥ, ਦੀਵਾਲੀ, ਕ੍ਰਿਸਮਿਸ ਅਤੇ ਨਵੇਂ ਸਾਲ ਦੀਆਂ ਖੁਸ਼ੀਆਂ ਮਨਾਉਣ ਅਤੇ ਆਤਿਸ਼ਬਾਜੀ ਲਈ ਖਾਸ ਕਿਸਮ ਦੇ ਨਿਯਮ ਨਿਰਧਾਰਤ ਕੀਤੇ ਜਾਂਦੇ ਹਨ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਦੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ, ਚੇਅਰਮੈਨ ਇੰਜ. ਅਸ਼ੋਕ ਕੁਮਾਰ ਭਾਰਤੀ, ਸੀਨੀਅਰ ਮੀਤ ਪ੍ਰਧਾਨ ਨਿਰੰਜਣ ਸਿੰਘ ਰੱਖਰਾ, ਡਾ. ਸੰਜੀਵ ਮਿੱਡਾ, ਪ੍ਰਦੀਪ ਧੂੜੀਆ, ਗੁਰਪਾਲ ਪਾਲੀ ਅਤੇ ਜਗਦੀਸ਼ ਧਵਾਲ ਆਦਿ ਸਮੇਤ ਸਮੂਹ ਆਗੂਆਂ ਅਤੇ ਮੈਂਬਰਾਂ ਨੇ ਆਮ ਲੋਕਾਂ ਅਤੇ ਦੁਕਾਨਾਦਾਰਾਂ ਨੂੰ ਸਰਕਾਰ ਵੱਲੋਂ ਜਾਰੀ ਹਿਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਮਿਸ਼ਨ ਆਗੂਆਂ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਕਲੀ ਮਠਿਆਈ, ਖੋਏ ਅਤੇ ਪਨੀਰ ਦੀ ਵਿਕਰੀ ਨਾ ਕਰਨ। ਰੰਗ ਲੱਗੇ ਜਾਂ ਮਸਾਲੇ ਨਾਲ ਪਕਾਏ ਗਏ ਫਲ ਨਾ ਵੇਚੇ ਜਾਣ। ਮਿਸ਼ਨ ਆਗੂਆਂ ਨੇ ਆਮ ਜਨਤਾਂ ਨੂੰ ਵੀ ਅਪੀਲ ਕੀਤੀ ਹੈ ਕਿ ਨਿਸਚਿਤ ਤਿਉਹਾਰਾਂ ਮੌਕੇ ਸਰਕਾਰ ਵੱਲੋਂ ਨਰਿਧਾਰਤ ਕੀਤੇ ਸਮੇਂ ਅਨੁਸਾਰ ਹੀ ਆਤਿਸ਼ਬਾਜੀ ਕੀਤੀ ਜਾਵੇ। ਅਜਿਹਾ ਕਰਕੇ ਜਿਥੇ ਸਰਕਾਰੀ ਹਿਦਾਇਤਾਂ ਦੀ ਪਾਲਣਾ ਹੋ ਸਕੇਗੀ, ਉਥੇ ਬੇਲੋੜੀ ਪ੍ਰੇਸ਼ਾਨੀ ਤੋਂ ਵੀ ਬਚਿਆ ਜਾ ਸਕੇਗਾ। ਪ੍ਰਧਾਨ ਢੋਸੀਵਾਲ ਨੇ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਹੈ ਕਿ ਤਿਉਹਾਰੀ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਮਿਲਾਵਟ ਖੋਰਾਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਜਾਵੇ।