Skip to content
ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ):- ਆਉਂਦੀ 22 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਗੀਤਕਾਰਾਂ ਦਾ ਮੇਲਾ ਧੂੰਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਸੰਸਾਰ ਚ ਪਹਿਲੀ ਵਾਰ ਗੀਤਾਂ ਦੇ ਰਚੇਤਾ ਇਕੱਠੇ ਹੋ ਕੇ ਜਿੱਥੇ ਰਿਸ਼ਤੇ ਮਜ਼ਬੂਤ ਕਰਨਗੇ ਓਥੇ ਗੀਤਕਾਰਾਂ ਦੀਆਂ ਮੁਸ਼ਕਿਲਾਂ ਅਤੇ ਰੌਇਲਟੀ ਦੀ ਵੀ ਗੱਲ ਹੋਵੇਗੀ। ਇਹਨਾ ਗੱਲਾਂ ਦਾ ਪ੍ਰਗਟਾਵਾ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੀਤਕਾਰ, ਐਕਟਰ, ਡਾਇਰੈਕਟਰ ਅਤੇ ਐਂਕਰ ਗਾਮਾ ਸਿੱਧੂ ਨੇ ਕੀਤਾ।
ਜਾਣਕਾਰੀ ਸਾਂਝੀ ਕਰਦੇ ਹੋਏ ਗਾਮਾ ਸਿੱਧੂ ਨੇ ਕਿਹਾ ਹੈ ਕਿ ਪ੍ਰਸਿੱਧ ਗੀਤਕਾਰ ਦੇਵ ਥਰੀਕੇ ਵਾਲਾ ਨੂੰ ਸਮਰਪਿਤ ਇਹ ਪਹਿਲਾ “ਮੇਲਾ ਗੀਤਕਾਰਾਂ ਦਾ” ਨੂੰ ਮਨਾਉਣ ਦਾ ਸਿਹਰਾ ਗੀਤਕਾਰ ਭੱਟੀ ਭੜੀ ਵਾਲਾ ਨੂੰ ਜਾਂਦਾ ਹੈ। ਜਿੰਨ੍ਹਾ ਦੀ ਮੇਹਨਤ ਸਦਕਾ ਪੰਜਾਬ ਦੇ ਗੀਤਕਾਰ ਇੱਕ ਮੰਚ ਤੇ ਇਕੱਠੇ ਹੋ ਰਹੇ ਹਨ। ਓਹਨਾ ਕਿਹਾ ਕਿ ਜਰਨੈਲ ਘੁੰਮਾਣ, ਗੁਰਭਜਨ ਗਿੱਲ, ਨਿਰਮਲ ਜੌੜਾ, ਕਰਨੈਲ ਸਿਵੀਆ ਵਰਗੇ ਲੋਕ ਮੇਲੇ ਨੂੰ ਕਾਮਯਾਬ ਕਰਨ ਲਈ ਦਿਨ ਰਾਤ ਇੱਕ ਕਰ ਰਹੇ ਹਨ।
ਗਾਮਾ ਸਿੱਧੂ ਨੇ ਇਹ ਵੀ ਆਖਿਆ ਕਿ ਮੇਲੇ ਵਿਚ ਪੰਜਾਬ ਭਰ ਤੋਂ ਇੱਕ ਹਜ਼ਾਰ ਦੇ ਕਰੀਬ ਗੀਤਕਾਰਾਂ ਦੇ ਆਉਣ ਦੀ ਸੰਭਾਵਨਾ ਹੈ। ਓਹਨਾ ਕਿਹਾ ਕਿ ਗੀਤਕਾਰਾਂ ਨੂੰ ਆਉਂਦੀਆਂ ਮੁਸ਼ਕਿਲਾਂ ਦੇ ਹੱਲ ਦੀ ਚਰਚਾ ਹੋਵੇਗੀ ਨਾਲ ਹੀ ਗੀਤਾਂ ਦੀ ਰੌਇਲਟੀ ਵਾਸਤੇ ਵੱਧ ਤੋਂ ਵੱਧ ਗੀਤਕਾਰਾਂ ਨੂੰ ਆਈ.ਪੀ.ਆਰ.ਐੱਸ ਸੰਸਥਾ ਨਾਲ ਜੁੜਨ ਲਈ ਪ੍ਰੇਰਿਆ ਜਾਵੇਗਾ। ਮੇਲੇ ਵਿੱਚ ਸੀਨੀਅਰ ਅਤੇ ਜੂਨੀਅਰ ਗੀਤਕਾਰ ਇਕੱਠੇ ਹੋਣਗੇ ਜਿਸ ਨਾਲ ਨਵੇਂ ਗੀਤਕਾਰਾਂ ਨੂੰ ਪ੍ਰੇਰਣਾ ਮਿਲਣਾ ਸੁਭਾਵਿਕ ਹੈ।
ਗਾਮਾ ਸਿੱਧੂ ਨੇ ਕਿਹਾ ਕਿ ਸੰਸਾਰ ਭਰ ਵਿਚ ਅੱਜ ਤੱਕ ਕਿਸੇ ਨੇ “ਮੇਲਾ ਗੀਤਕਾਰਾਂ ਦਾ” ਨਹੀਂ ਲਾਇਆ ਹੋਣਾ। ਖ਼ੁਸ਼ੀ ਹੈ ਕਿ ਇਹ ਪਹਿਲ ਪੰਜਾਬ ਤੋਂ ਹੋ ਰਹੀ ਹੈ।
ਇਸ ਮੌਕੇ ‘ਤੇ ਗੀਤਕਾਰ ਗਿੱਲ ਗੁਲਾਮੀ ਵਾਲਾ, ਗੁਰਜੰਟ ਭੁੱਲਰ, ਕਮਲ ਦ੍ਰਾਵਿੜ, ਪ੍ਰੀਤ ਮਾਣੇਵਾਲੀਆ, ਪ੍ਰੋ. ਕੁਲਬੀਰ ਮਲਿਕ, ਮਹਾਂਵੀਰ ਝੋਕ, ਸੰਧੂ ਸੁੱਧੇ ਵਾਲਾ ਆਦਿ ਗੀਤਕਾਰ ਹਾਜ਼ਰ ਸਨ।
Post Views: 2,057
Related