ਮੱਧ ਅਮਰੀਕਾ ਦੇ ਟੈਕਸਾਸ, ਓਕਲਾਹੋਮਾ ਅਤੇ ਅਰਕਨਸਾਸ ਵਿਚ ਆਏ ਸ਼ਕਤੀਸ਼ਾਲੀ ਤੂਫਾਨ ਵਿਚ ਦੋ ਬੱਚਿਆਂ ਸਮੇਤ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ, ਕਈ ਘਰ ਤਬਾਹ ਹੋ ਗਏ ਅਤੇ ਹਜ਼ਾਰਾਂ ਲੋਕ ਬਿਜਲੀ ਤੋਂ ਬਿਨ੍ਹਾਂ ਰਹਿਣ ਲਈ ਮਜਬੂਰ ਹੋ ਗਏ।

    ਅਧਿਕਾਰੀਆਂ ਨੇ ਦਸਿਆ ਕਿ ਓਕਲਾਹੋਮਾ ਸਰਹੱਦ ਦੇ ਨੇੜੇ, ਕੁੱਕ ਕਾਉਂਟੀ, ਟੈਕਸਾਸ ਵਿਚ ਕਈ ਮੌਤਾਂ ਹੋਈਆਂ, ਜਿਥੇ ਸ਼ਨੀਵਾਰ ਰਾਤ ਇਕ ਤੂਫਾਨ ਨੇ ਇਕ ਪੇਂਡੂ ਖੇਤਰ ਵਿਚ ਤਬਾਹੀ ਮਚਾਈ। ਤੂਫ਼ਾਨ ਨੇ ਓਕਲਾਹੋਮਾ ਵਿਚ ਕਾਫ਼ੀ ਨੁਕਸਾਨ ਕੀਤਾ ਹੈ। ਇਥੇ ਇਕ ਵਿਆਹ ਵਿਚ ਆਏ ਮਹਿਮਾਨ ਤੂਫ਼ਾਨ ਕਾਰਨ ਜ਼ਖ਼ਮੀ ਹੋ ਗਏ।

    ਕੁੱਕ ਕਾਉਂਟੀ ਸ਼ੈਰਿਫ ਰੇ ਸੇਪਿੰਗਟਨ ਨੇ ਕਿਹਾ, “ਇਥੇ ਸਿਰਫ ਮਲਬੇ ਦਾ ਢੇਰ ਬਚਿਆ ਹੈ। ਭਾਰੀ ਤਬਾਹੀ ਹੋਈ ਹੈ।” ਸ਼ੈਰਿਫ ਨੇ ਦਸਿਆ ਕਿ ਮਰਨ ਵਾਲਿਆਂ ਵਿਚ ਦੋ ਅਤੇ ਪੰਜ ਸਾਲ ਦੇ ਦੋ ਬੱਚੇ ਸ਼ਾਮਲ ਹਨ। ਉਨ੍ਹਾਂ ਦਸਿਆ ਕਿ ਤੂਫ਼ਾਨ ਕਾਰਨ ਹੋਈ ਤਬਾਹੀ ਵਿਚ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਵੀ ਮੌਤ ਹੋ ਗਈ ਹੈ।

    ਤੂਫਾਨ ਕਾਰਨ ਕਈ ਮਕਾਨ ਅਤੇ ਵਪਾਰਕ ਅਦਾਰੇ ਪੂਰੀ ਤਰ੍ਹਾਂ ਤਬਾਹ ਹੋ ਗਏ ਅਤੇ ਕਈ ਇਲਾਕਿਆਂ ਵਿਚ ਦਰੱਖਤ ਅਤੇ ਬਿਜਲੀ ਦੇ ਖੰਭੇ ਵੀ ਉਖੜ ਗਏ। ਵੈਲੀ ਵਿਊ ਦੇ ਆਲੇ-ਦੁਆਲੇ ਦੇ ਖੇਤਰ ਤੂਫਾਨ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ।

    ਸੈਪਿੰਗਟਨ ਨੇ ਕਿਹਾ ਕਿ ‘ਇੰਟਰਸਟੇਟ 35’ ‘ਤੇ ਏਪੀ ਟਰੈਵਲ ਸੈਂਟਰ ਨਾਮਕ ਟਰੱਕ ਅੱਡੇ ‘ਤੇ 60 ਤੋਂ 80 ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਨੇ ਦਸਿਆ ਕਿ ਬਹੁਤ ਸਾਰੇ ਲੋਕ ਸ਼ਰਨ ਲੈਣ ਲਈ ਉੱਥੇ ਪਹੁੰਚ ਗਏ ਸਨ। ਬਿਜਲੀ ਦੀ ਸਮੱਸਿਆ ਨਾਲ ਜੁੜੀ ਇਕ ਵੈੱਬਸਾਈਟ ਮੁਤਾਬਕ ਟੈਕਸਾਸ ਤੋਂ ਲੈ ਕੇ ਕੰਸਾਸ, ਮਿਸੌਰੀ, ਅਰਕਨਸਾਸ, ਟੈਨੇਸੀ ਅਤੇ ਕੇਂਟਕੀ ਤਕ 4,70,000 ਤੋਂ ਜ਼ਿਆਦਾ ਲੋਕ ਬਿਜਲੀ ਤੋਂ ਬਿਨਾਂ ਰਹਿਣ ਲਈ ਮਜਬੂਰ ਹਨ।