ਦੁਨੀਆ ਦੇ ਕਈ ਹਿੱਸਿਆਂ ਤੋਂ ਪ੍ਰਵਾਸੀਆਂ ਨਾਲ ਭਰੀਆਂ ਕਿਸ਼ਤੀਆਂ ਦੇ ਡੁੱਬਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹੁਣ ਮੈਕਸੀਕੋ ਦੇ ਦੱਖਣੀ ਪ੍ਰਸ਼ਾਂਤ ਤੱਟ ‘ਤੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ, ਜਿਥੇ ਇਕ ਕਿਸ਼ਤੀ ਪਲਟ ਗਈ, ਜਿਸ ਵਿਚ ਅੱਠ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਰੇ ਲੋਕ ਏਸ਼ੀਆਈ ਮੂਲ ਦੇ ਸਨ। ਮਿਲੀ ਜਾਣਕਾਰੀ ਅਨੁਸਾਰ ਸਾਰੇ ਡੌਂਕੀ ਲਗਾ ਕੇ ਮੈਕਸੀਕੋ ਜਾ ਰਹੇ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਵਿੱਚ ਬਚੇ ਇੱਕ ਵਿਅਕਤੀ ਦੀ ਇੰਟਰਵਿਊ ਲਈ ਗਈ ਸੀ ਅਤੇ ਜਿਸ ਤੋਂ ਪਤਾ ਲੱਗਾ ਕਿ ਉਹ ਏਸ਼ਿਆਈ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਦੇ ਆਧਾਰ ‘ਤੇ ਅਜਿਹਾ ਲੱਗਦਾ ਹੈ ਕਿ ਮ੍ਰਿਤਕ ਏਸ਼ੀਆ ਦੇ ਰਹਿਣ ਵਾਲੇ ਸਨ। ਅਧਿਕਾਰੀਆਂ ਅਨੁਸਾਰ, ਇਹ ਲਾਸ਼ਾਂ ਗੁਆਟੇਮਾਲਾ ਦੇ ਨਾਲ ਮੈਕਸੀਕੋ ਦੀ ਸਰਹੱਦ ਤੋਂ ਲਗਪਗ 250 ਮੀਲ (400 ਕਿਲੋਮੀਟਰ) ਪੂਰਬ ਵਿੱਚ ਪਲੇਆ ਵਿਸੇਂਟੇ ਸ਼ਹਿਰ ਦੇ ਇੱਕ ਬੀਚ ਦੇ ਨੇੜੇ ਮਿਲੀਆਂ ਹਨ।
ਇਸ ਦੇ ਨਾਲ ਹੀ ਕਿਸ਼ਤੀ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਇਲਾਕਾ ਮੈਕਸੀਕੋ ਪਾਰ ਕਰਨ ਵਾਲੇ ਪ੍ਰਵਾਸੀਆਂ ਲਈ ਅਮਰੀਕੀ ਸਰਹੱਦ ਤੱਕ ਪਹੁੰਚਣ ਦਾ ਮੁੱਖ ਰਸਤਾ ਹੈ। ਜ਼ਿਆਦਾਤਰ ਪ੍ਰਵਾਸੀ ਪੈਦਲ ਯਾਤਰਾ ਕਰਦੇ ਹਨ, ਪਰ ਕੁਝ ਮੈਕਸੀਕੋ ਦੇ ਅੰਦਰ ਇਮੀਗ੍ਰੇਸ਼ਨ ਚੌਕੀਆਂ ਤੋਂ ਬਚਣ ਲਈ ਸਮੁੰਦਰ ਦੁਆਰਾ ਯਾਤਰਾ ਕਰਨ ਦੀ ਚੋਣ ਕਰਦੇ ਹਨ ਅਤੇ ਦੁਰਘਟਨਾਵਾਂ ਦਾ ਸ਼ਿਕਾਰ ਹੁੰਦੇ ਹਨ।