Skip to content
ਪਹਿਲਗਾਮ ਅੱਤਵਾਦੀ ਹਮਲੇ ਦੇ ਬਾਅਦ ਜੰਮ-ਕਸ਼ਮੀਰ ਘੁੰਮਣ ਦੀ ਤਿਆਰੀ ਵਿਚ ਲੱਗੇ ਲੋਕ ਖੌਫ ਵਿਚ ਹਨ। ਹਫਤਿਆਂ ਪਹਿਲਾਂ ਬੁਕਿੰਗ ਕਰਵਾ ਚੁੱਕੇ ਲੋਕ ਵੀ ਟੂਰ ਪੈਕੇਜ ਕੈਂਸਲ ਕਰਵਾਉਣ ਲੱਗੇ ਹਨ। ਦੇਸ਼ ਵਿੱਚ ਦਹਿਸ਼ਤ ਦਾ ਮਾਹੌਲ ਹੈ। ਹਰ ਨਾਗਰਿਕ ਦੇ ਮਨ ਵਿੱਚ ਗੁੱਸਾ ਹੈ। ਸੀਜ਼ਨ ਦੌਰਾਨ ਲੱਖਾਂ ਸੈਲਾਨੀ ਜੰਮੂ ਕਸ਼ਮੀਰ ਅਤੇ ਸ਼੍ਰੀਨਗਰ ਘੁੰਮਣ ਜਾਂਦੇ ਹਨ ਪਰ ਅੱਤਵਾਦੀ ਹਮਲੇ ਤੋਂ ਹਰੇਕ ਦੇ ਮਨਾਂ ਵਿੱਚ ਡਰ ਹੈ। ਸਿਰਫ ਲਖਨਊ ਵਿਚ 24 ਘੰਟਿਆਂ ਵਿਚ 500 ਤੋਂ ਵੱਧ ਪੈਕੇਜ ਰੱਦ ਕਰਵਾਏ ਗਏ ਹਨ।
ਵੀਰਵਾਰ ਨੂੰ ਰੇਲਵੇ ਤੇ ਫਲਾਈਟ ਦੇ 260 ਤੋਂ ਵੱਧ ਟਿਕਟ ਵੀ ਕੈਂਸਲ ਕਰਵਾਏ ਗਏ। ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ 10 ਹਜ਼ਾਰ ਤੋਂ ਵੱਧ ਟੂਰ ਪੈਕੇਜ ਕੈਂਸਲ ਹੋ ਸਕਦੇ ਹਨ। ਇਸ ਵਾਰ ਜੰਮੂ-ਕਸ਼ਮੀਰ ਦੇ ਟੂਰ ਪੈਕੇਜ ਦੀ ਬੁਕਿੰਗ ਤੇਜ਼ੀ ਨਾਲ ਹੋ ਰਹੀ ਸੀ ਪਰ ਹਮਲੇ ਦੇ ਬਾਅਦ ਪੈਕੇਜ ਕੈਂਸਲ ਹੋਣ ਲੱਗੇ ਹਨ। ਟ੍ਰੈਵਲ ਐਂਡ ਟਰਾਂਸਪੋਰਟ ਓਨਰਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਪੀਯੂਸ਼ ਗੁਪਤਾ ਨੇ ਦੱਸਿਆ ਕਿ ਅਗਲੇ ਇਕ ਹਫਤੇ ਤੱਕ ਦੇ ਲਗਭਗ ਸਾਰੇ ਟੂਰ ਪੈਕੇਜ ਕੈਂਸਲ ਕਰਵਾ ਦਿੱਤੇ ਗਏ ਹਨ।
ਲਖਨਊ ਤੋਂ ਲਗਭਗ 500 ਤੋਂ ਵੱਧ ਪੈਕੇਜ ਕੈਂਸਲ ਹੋਏ ਹਨ। ਪੂਰੇ ਸੂਬੇ ਤੋਂ ਲਗਭਗ 3000 ਪੈਕੇਜ ਕੈਂਸਲ ਕਰਨੇ ਪਏ ਹਨ। ਪਿਛਲੇ ਸਾਲ ਲਖਨਊ ਤੋਂ ਲਗਭਗ 5000 ਤੇ ਸੂਬੇ ਭਰ ਤੋਂ ਲਗਭਗ 50 ਹਜ਼ਾਰ ਸੈਲਾਨੀ ਜੰਮੂ-ਕਸ਼ਮੀਰ ਗਏ ਸਨ। ਇਸ ਸਾਲ ਕਸ਼ਮੀਰ ਵਿਚ ਸੁਧਰੇ ਹਾਲਾਤ ਨੂੰ ਦੇਖਦੇ ਹੋਏ ਸੈਲਾਨੀਆਂ ਦਾ ਰੁਝਾਨ ਤੇਜ਼ੀ ਨਾਲ ਵਧਿਆ ਸੀ। ਲਖਨਊ ਤੋਂ ਲਗਭਗ 10,000 ਤੇ ਸੂਬੇ ਭਰ ਤੋਂ ਲਗਭਗ 1 ਲੱਖ ਪੈਕੇਜ ਦੀ ਬੁਕਿੰਗ ਦਾ ਅਨੁਮਾਨ ਸੀ ਪਰ ਅੱਤਵਾਦੀ ਹਮਲੇ ਦੇ ਬਾਅਦ ਲੋਕਾਂ ਨੇ ਟੂਰ ਪੈਕੇਜ ਕੈਂਸਲ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ।
ਲਖਨਊ ਤੋਂ ਅਪ੍ਰੈਲ ਦੇ ਬਾਅਦ ਮਈ ਤੇ ਜੂਨ ਲਈ 360 ਟੂਰ ਪੈਕੇਜ ਬੁਕ ਹੋ ਚੁੱਕੇ ਸਨ ਪਰ ਅੱਤਵਾਦੀ ਹਮਲੇ ਦੇ ਬਾਅਦ ਇਕ ਹੀ ਦਿਨ ਵਿਚ 42 ਪੈਕੇਜ ਕੈਂਸਲ ਹੋਏ। ਲਖਨਊ ਤੋਂ ਜੰਮੂ ਦੀਆਂ ਟ੍ਰੇਨਾਂ ਅਤੇ ਸ਼੍ਰੀਨਗਰ ਦੀਆਂ ਫਲਾਈਟਾਂ ਵਿਚ ਅਗਲੇ ਤਿੰਨ ਮਹੀਨਿਆਂ ਲਈ 12 ਹਜ਼ਾਰ ਤੋਂ ਵਧ ਟਿਕਟ ਐਡਵਾਂਸ ਵਿਚ ਬੁੱਕ ਹਨ। ਰੇਲਵੇ ਤੇ ਏਅਰਲਾਈਨਸ ਨਾਲ ਜੁੜੇ ਅਧਿਕਾਰੀਆਂ ਮੁਤਾਬਕ ਅੱਤਵਾਦੀ ਹਮਲੇ ਦੇ ਬਾਅਦ ਟ੍ਰੇਨਾਂ ਤੇ ਜਹਾਜ਼ਾਂ ਦੇ 260 ਟਿਕਟ ਬੁੱਧਵਾਰ ਨੂੰ ਹੀ ਕੈਂਸਲ ਕਰਵਾਏ ਗਏ ਹਨ ਤੇ ਆਉਣ ਵਾਲੇ ਦਿਨਾਂ ਵਿਚ ਕੈਂਸਲੇਸ਼ਨ ਹੋਰ ਵਧੇਗਾ।
Post Views: 2,057
Related