ਕੈਨੇਡਾ ਸਰਕਾਰ ਨੇ ਵਿਦੇਸ਼ੀ ਨਿਵੇਸ਼ਕਾਂ ‘ਤੇ ਦੇਸ਼ ਵਿਚ ਜਾਇਦਾਦ ਖ਼ਰੀਦਣ ‘ਤੇ ਲਾਈ ਪਾਬੰਦੀ ਵਿਚ ਦੋ ਹੋਰ ਸਾਲਾਂ ਦਾ ਵਾਧਾ ਕਰ ਦਿੱਤਾ ਹੈ। ਇਹ ਪਾਬੰਦੀ 1 ਜਨਵਰੀ, 2023 ਤੋਂ ਪਹਿਲਾਂ ਤੋਂ ਲਾਗੂ ਹੋ ਗਈ ਸੀ ਤੇ ਹੁਣ ਇਸ ਨੂੰ 1 ਜਨਵਰੀ, 2027 ਤੱਕ ਵਧਾ ਦਿੱਤਾ ਗਿਆ ਹੈ। ਸਰਕਾਰ ਨੇ ਇਹ ਐਲਾਨ ਵਿੱਤੀ ਵਰ੍ਹੇ 2024-25 ਦੇ ਸਾਲਾਨਾ ਬਜਟ ਦੀਆਂ ਤਜਵੀਜ਼ਾਂ ’ਚ ਕੀਤਾ ਸੀ।
ਹੁਣ ਕੈਨੇਡਾ ‘ਚ ਕੋਈ ਵੀ ਵਿਦੇਸ਼ੀ ਨਿਵੇਸ਼ਕ ਕੰਪਨੀ ਤੇ ਵਿਅਕਤੀ ਮੁਨਾਫ਼ਾ ਕਮਾਉਣ ਲਈ ਰਿਹਾਇਸ਼ੀ ਜਾਇਦਾਦ ਨਹੀਂ ਖ਼ਰੀਦ ਸਕੇਗਾ। ਕੈਨੇਡੀਅਨ ਨਾਗਰਿਕਾਂ ਤੇ ਪੀਆਰ ਪ੍ਰਾਪਤ ਵਿਦੇਸ਼ੀਆਂ ‘ਤੇ ਇਸ ਪਾਬੰਦੀ ਦਾ ਕੋਈ ਅਸਰ ਨਹੀਂ ਪਵੇਗਾ।
ਇਸ ਤੋਂ ਇਲਾਵਾ ਸਰਕਾਰ ਨੇ ਮੁਸਲਿਮ ਭਾਈਚਾਰੇ ਲਈ ‘ਹਲਾਲ ਮਾਰਗੇਜ ਯੋਜਨਾ ਵੀ ਸ਼ੁਰੂ ਕੀਤੀ ਹੈ। ਹਲਾਲ ਮਾਰਗੇਜ ਇਸਲਾਮਿਕ ਸ਼ਰੀਅਤ ਮੁਤਾਬਕ ਤਿਆਰ ਕੀਤਾ ਗਿਆ ਹੈ, ਜਿਸ ਅਧੀਨ ਵਿਆਜ ਲੈਣ-ਦੇਣ ’ਤੇ ਮੁਕੰਮਲ ਪਾਬੰਦੀ ਹੈ। ਸੋਸ਼ਲ ਮੀਡੀਆ ‘ਤੇ ਇਸ ਯੋਜਨਾ ਦਾ ਇਹ ਆਖ ਕੇ ਵਿਰੋਧ ਵੀ ਹੋ ਰਿਹਾ ਹੈ ਕਿ ਅਜਿਹਾ ਐਲਾਨ ਸਿਰਫ਼ ਸਮਾਜ ਦੇ ਇੱਕ ਵਰਗ ਨੂੰ ਲਾਭ ਪਹੁੰਚਾਉਣ ਲਈ ਕੀਤਾ ਗਿਆ ਹੈ।