ਹੁਸ਼ਿਆਰਪੁਰ (ਵਿੱਕੀ ਸੂਰੀ) : ਹੁਸ਼ਿਆਰਪੁਰ ‘ਚ ਵੀਰਵਾਰ ਸਵੇਰੇ ਬਸਪਾ ਆਗੂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਦਿਨ-ਦਿਹਾੜੇ ਹੋਏ ਬਸਪਾ ਆਗੂ ਦੇ ਇਸ ਕਤਲ ਤੋਂ ਬਾਅਦ ਵਰਕਰਾਂ ਵਿੱਚ ਭਾਰੀ ਰੋੋਸ ਪਾਇਆ ਜਾ ਰਿਹਾ ਹੈ। ਪਾਰਟੀ ਵਰਕਰਾਂ ਰੋਸ ਵਿੱਚ ਸ਼ਹਿਰ ਬੰਦ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਬਸਪਾ ਆਗੂ ਸੰਦੀਪ ਸਿੰਘ ਪਿੰਡ ਡਡਿਆਣਾ ਦਾ ਮੌਜੂਦਾ ਸਰਪੰਚ ਵੀ ਸੀ, ਜਿਸ ਨੂੰ ਸਵੇਰੇ ਤਿੰਨ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਸੰਦੀਪ ਸਿੰਘ ਸਵੇਰ ਸਮੇਂ ਪਿੰਡ ਦੇ ਬਾਹਰ ਸੜਕ ਨਜ਼ਦੀਕ ਰੋਜ਼ਾਨਾਂ ਦੀ ਤਰ੍ਹਾਂ ਆਪਣੇ ਡੰਪ ‘ਤੇ ਖੜਾ ਹੋਇਆ ਸੀ, ਜਿਸ ਦੌਰਾਨ ਇੱਕ ਮੋਟਰਸਾਈਕਲ ‘ਤੇ ਤਿੰਨ ਨੌਜਵਾਨ ਆਉਂਦੇ ਆਏ।
ਇਸ ਮੌਕੇ ਪਹਿਲਾਂ ਤਿੰਨਾਂ ਨੌਜਵਾਨਾਂ ਨੇ ਸੰਦੀਪ ਸਿੰਘ ਨਾਲ ਹੱਥ ਮਿਲਾਇਆ ਤੇ ਗੱਲਬਾਤ ਕੀਤੀ। ਉਪਰੰਤ ਉਸ ਉਪਰ ਤਾੜ ਤਾੜ ਚਾਰ ਫਾਇਰ ਕਰ ਦਿੱਤੇ, ਜਿਸ ਦੌਰਾਨ ਇੱਕ ਗੋਲੀ ਸੰਦੀਪ ਸਿੰਘ ਦੇ ਸੱਜੇ ਪਾਸੇ ਜਾ ਲੱਗੀ। ਗੰਭੀਰ ਜ਼ਖ਼ਮੀ ਸੰਦੀਪ ਸਿੰਘ ਨੂੰ ਜਦੋਂ ਹਸਪਤਾਲ ਦਾਖਲ ਕਰਵਾਇਆ ਗਿਆ, ਪਰੰਤੂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਬਸਪਾ ਵਰਕਰਾਂ ਵੱਲੋਂ ਹੁਸ਼ਿਆਰਪੁਰ ਕਰਵਾਇਆ ਬੰਦ
ਇਸ ਘਟਨਾ ਦੇ ਵਿਰੋਧ ਵਿੱਚ BSP ਆਗੂ ਅਤੇ ਸਮਰਥਕਾਂ ਵੱਲੋਂ ਹੁਸ਼ਿਆਰਪੁਰ ਬੰਦ ਕਰਵਾਉਣ ਦੀ ਕਾਲ ਦਿੱਤੀ ਗਈ ਹੈ, ਜਿਸ ਤੋਂ ਬਾਅਦ ਬਾਜ਼ਾਰਾਂ ਵਿੱਚ ਵਰਕਰਾਂ ਵੱਲੋਂ ਦੁਕਾਨਾਂ ਬੰਦ ਕਰਵਾਈਆਂ ਜਾ ਰਹੀਆਂ ਹਨ। ਬਸਪਾ ਆਗੂਆਂ ਨੇ ਕਿਹਾ ਹੈ ਕਿ ਜਦੋਂ ਤੱਕ ਸੰਦੀਪ ਸਿੰਘ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਉਦੋਂ ਤੱਕ ਬਸਪਾ ਸਮਾਜ ਚੁੱਪ ਨਹੀਂ ਬੈਠੇਗਾ ਤੇ ਇਸੇ ਤਰ੍ਹਾਂ ਪ੍ਰਦਰਸ਼ਨ ਜਾਰੀ ਰਹੇਗਾ।